ਚੰਡੀਗੜ੍ਹ, 25 ਮਈ, ਦੇਸ਼ ਕਲਿਕ ਬਿਊਰੋ :
ਪੜ੍ਹਾਈ ਲਈ ਬ੍ਰਿਟੇਨ (ਯੂ.ਕੇ.) ਜਾਣ ਵਾਲੇ ਵਿਦਿਆਰਥੀਆਂ ਨੂੰ ਹੁਣ ਸਪਾਊਸ ਵੀਜ਼ਾ ਦੀ ਸਹੂਲਤ ਨਹੀਂ ਮਿਲੇਗੀ। ਯੂਕੇ ਸਰਕਾਰ ਨੇ ਹੁਣ ਇਹ ਸਹੂਲਤ ਬੰਦ ਕਰ ਦਿੱਤੀ ਹੈ। ਇਸ ਫੈਸਲੇ ਨਾਲ ਪੜ੍ਹਾਈ ਲਈ ਯੂਕੇ ਜਾਣ ਵਾਲੇ ਵਿਦਿਆਰਥੀ ਆਪਣੇ ਜੀਵਨ ਸਾਥੀ ਨੂੰ ਨਾਲ ਨਹੀਂ ਲਿਜਾ ਸਕਣਗੇ। ਹਾਲਾਂਕਿ, ਇਹ ਫੈਸਲਾ ਇਸ ਸਾਲ ਸਤੰਬਰ 'ਚ ਜਾਣ ਵਾਲੇ ਵਿਦਿਆਰਥੀਆਂ 'ਤੇ ਲਾਗੂ ਨਹੀਂ ਹੋਵੇਗਾ। ਇਹ ਨਿਯਮ ਉਨ੍ਹਾਂ ਵਿਦਿਆਰਥੀਆਂ 'ਤੇ ਲਾਗੂ ਹੋਵੇਗਾ ਜੋ ਅਗਲੇ ਸਾਲ ਜਨਵਰੀ 'ਚ ਯੂ.ਕੇ. 'ਚ ਦਾਖਲਾ ਲੈਣਗੇ। ਇਸ ਤੋਂ ਪਹਿਲਾਂ ਬ੍ਰਿਟੇਨ 'ਚ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ ਸਪਾਊਸ ਵੀਜ਼ਾ ਦਿੱਤਾ ਜਾਂਦਾ ਸੀ।ਪੜ੍ਹਾਈ ਤੋਂ ਬਾਅਦ ਵਿਦਿਆਰਥੀ ਅਤੇ ਉਸ ਦੇ ਜੀਵਨ ਸਾਥੀ ਨੂੰ ਦੋ ਸਾਲਾਂ ਦਾ ਵਰਕ ਵੀਜ਼ਾ ਵੀ ਮਿਲਦਾ ਸੀ।ਪਿਛਲੇ ਸਾਲ ਅਕਤੂਬਰ ਦੇ ਪਹਿਲੇ ਹਫ਼ਤੇ, ਯੂਕੇ ਦੇ ਗ੍ਰਹਿ ਸਕੱਤਰ ਸੁਵੇਲਾ ਬ੍ਰੇਵਰਮੈਨ ਨੇ ਭਾਰਤੀ ਵਿਦਿਆਰਥੀਆਂ, ਖਾਸ ਕਰਕੇ ਪੰਜਾਬੀ ਮੂਲ ਦੇ ਵਿਦਿਆਰਥੀਆਂ ਵਿੱਚ ਇਹ ਕਹਿ ਕੇ ਝਟਕਾ ਦਿੱਤਾ ਸੀ ਕਿ ਪਤੀ-ਪਤਨੀ ਦੇ ਵੀਜ਼ੇ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ ਕਿਉਂਕਿ ਯੂਕੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਆਉਂਦੇ ਹਨ ਜਿਨ੍ਹਾਂ ਕੋਲ ਹੁਨਰ ਨਹੀਂ ਹੈ।ਇੰਨਾ ਹੀ ਨਹੀਂ ਉਨ੍ਹਾਂ ਕੋਲ ਕੋਈ ਤਕਨੀਕੀ ਸਿੱਖਿਆ ਵੀ ਨਹੀਂ ਹੈ, ਜਿਸ ਨਾਲ ਯੂ.ਕੇ. ਨੂੰ ਫ਼ਾਇਦਾ ਮਿਲ ਸਕੇ।ਦਰਅਸਲ, ਬ੍ਰਿਟਿਸ਼ ਸਰਕਾਰ ਨੇ ਜਨਵਰੀ 2021 ਵਿੱਚ ਉੱਥੇ ਕੰਮ ਕਰਨ ਵਾਲਿਆਂ ਲਈ ਸਾਲਾਨਾ ਘੱਟੋ-ਘੱਟ 25 ਹਜ਼ਾਰ 600 ਪੌਂਡ ਦੀ ਆਮਦਨ ਤੈਅ ਕੀਤੀ ਸੀ, ਪਰ ਭਾਰਤੀ ਖਾਸ ਤੌਰ 'ਤੇ ਪੰਜਾਬ ਦੇ ਲੋਕ ਬ੍ਰਿਟੇਨ ਪਹੁੰਚੇ, ਜੋ ਖੇਤੀ ਤੋਂ ਇਲਾਵਾ ਪ੍ਰਾਹੁਣਚਾਰੀ ਉਦਯੋਗ ਵਿੱਚ ਘੱਟ ਤਨਖਾਹ ‘ਤੇ ਕੰਮ ਕਰਨ ਲੱਗੇ ਸਨ।ਇਸ ਨਾਲ ਉੱਥੇ ਦਾ ਸਿਸਟਮ ਖਰਾਬ ਹੋ ਗਿਆ ਅਤੇ ਯੂਕੇ ਵਿੱਚ ਕੰਮ ਕਰਨ ਦਾ ਅਧਿਕਾਰ ਪ੍ਰਭਾਵਿਤ ਪ੍ਰਭਾਵਿਤ ਹੋਣ ਲੱਗਾ। ਬ੍ਰਿਟੇਨ ਦੇ ਮੂਲ ਨਿਵਾਸੀ ਵੀ ਘੱਟ ਤਨਖਾਹਾਂ 'ਤੇ ਕੰਮ ਕਰਨ ਲਈ ਮਜਬੂਰ ਹੋਣ ਲੱਗੇ। ਇਸ ਕਾਰਨ ਉਥੋਂ ਦੀ ਸਰਕਾਰ ਕਾਫੀ ਦਬਾਅ ਮਹਿਸੂਸ ਕਰ ਰਹੀ ਸੀ।