ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਗ੍ਰਹਿ ਮੰਤਰਾਲੇ ਤੋਂ ਕੀਤੀ ਦਖ਼ਲ ਦੇਣ ਦੀ ਮੰਗ
ਚੰਡੀਗੜ੍ਹ, 20 ਮਈ, ਦੇਸ਼ ਕਲਿਕ ਬਿਊਰੋ:
ਇੰਡੋਨੇਸ਼ੀਆ ਵਿੱਚ ਡੇਨਪਸਾਰ ਪੁਲਿਸ ਨੇ ਇੱਕ ਵਿਅਕਤੀ ਦੀ ਹੱਤਿਆ ਅਤੇ ਇੱਕ ਹੋਰ ਭਾਰਤੀ ਨਾਗਰਿਕ 'ਤੇ ਹਮਲਾ ਕਰਨ ਦੇ ਦੋਸ਼ ਵਿੱਚ ਦੋ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਨੂੰ ਨਗੁਰਾਹ ਰਾਏ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਫੜਿਆ ਗਿਆ। ਉਹ ਭਾਰਤ ਆ ਰਹੇ ਸਨ। ਦੂਜੇ ਪਾਸੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦੋਵਾਂ ਨੌਜਵਾਨਾਂ ਨੂੰ ਬੇਕਸੂਰ ਦੱਸਦਿਆਂ ਗ੍ਰਹਿ ਮੰਤਰਾਲੇ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਹੈ। ਫੜੇ ਗਏ ਦੋਵੇਂ ਨੌਜਵਾਨਾਂ ਦੀ ਪਛਾਣ ਗੁਰਮੇਜ ਸਿੰਘ (21) ਵਾਸੀ ਪਿੰਡ ਗੱਗੋਮਾਹਲ ਅਜਨਾਲਾ, ਅੰਮ੍ਰਿਤਸਰ ਅਤੇ ਅਜੈਪਾਲ ਸਿੰਘ (21) ਵਾਸੀ ਪਿੰਡ ਮੋੜ ਵਜੋਂ ਹੋਈ ਹੈ। ਇੰਡੋਨੇਸ਼ੀਆਈ ਪੁਲਿਸ ਦਾ ਕਹਿਣਾ ਹੈ ਕਿ ਦੋਨਾਂ ਨੇ 39 ਸਾਲਾ ਇੰਡੋਨੇਸ਼ੀਆਈ ਨਾਗਰਿਕ ਨੂੰ ਸਨੂਰ ਕੌਹ ਦੇ ਤੁਕੜ ਬਿਲੋਕ ਵਿਖੇ ਕਤਲ ਕਰ ਦਿੱਤਾ, ਜਿਸ ਦੇ ਘਰ ਵਿਆਹ ਸੀ। ਦੋਵੇਂ ਮੁਲਜ਼ਮ 10 ਮਈ ਤੋਂ ਉਸ ਦੇ ਘਰ ਹੀ ਰਹਿ ਰਹੇ ਸਨ।ਬੀਤੇ ਸ਼ਨੀਵਾਰ ਨੂੰ ਆਸਪਾਸ ਦੇ ਲੋਕਾਂ ਨੇ ਘਰ ਦੇ ਸਾਹਮਣੇ 40 ਸਾਲਾ ਭਾਰਤੀ ਨਾਗਰਿਕ ਨੂੰ ਖੂਨ ਨਾਲ ਲਥਪਥ ਪਾਇਆ। ਜਦੋਂ ਲੋਕਾਂ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਮ੍ਰਿਤਕ ਦੀ ਲਾਸ਼ ਪਈ ਸੀ। ਇਲਾਕਾ ਨਿਵਾਸੀਆਂ ਨੇ ਘਟਨਾ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ। ਪੁਲਿਸ ਨੇ ਸ਼ੱਕੀਆਂ ਨੂੰ ਕਈ ਘੰਟਿਆਂ ਬਾਅਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਫੜ ਲਿਆ।ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ਪਿੱਛੇ ਫਰਾਡੀ ਏਜੰਟ ਦਾ ਹੱਥ ਦੱਸਿਆ ਹੈ। ਸਿਰਸਾ ਨੇ ਗ੍ਰਹਿ ਮੰਤਰਾਲੇ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਜਾਂਚ ਕਰਕੇ ਦੋਵਾਂ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਦੀ ਅਪੀਲ ਕੀਤੀ ਹੈ। ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਇੱਕ ਏਜੰਟ ਨੇ ਧੋਖਾਧੜੀ ਕੀਤੀ ਹੈ ਜੋ ਕਿ ਇੱਕ ਅਪਰਾਧੀ ਹੈ ਅਤੇ ਜਿਸ ਦੇ ਪਰਿਵਾਰ ਦੇ ਖਿਲਾਫ ਪਹਿਲਾਂ ਹੀ ਅਜਿਹੇ ਧੋਖਾਧੜੀ ਦੇ ਕੇਸ ਦਰਜ ਹਨ।ਸਿਰਸਾ ਨੇ ਕਿਹਾ ਕਿ ਫੜੇ ਗਏ ਦੋਵੇਂ ਪੰਜਾਬੀ ਨੌਜਵਾਨਾਂ ਨੂੰ 5 ਦਿਨਾਂ ਤੋਂ ਅਗਵਾ ਕੀਤਾ ਹੋਇਆ ਸੀ।ਉਨ੍ਹਾਂ ਨੂੰ ਜਕਾਰਤਾ ਵਿੱਚ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਜਦੋਂ ਉਹ ਦੋਵੇਂ ਮੁਲਜ਼ਮਾਂ ਦੇ ਚੁੰਗਲ ‘ਚੋਂ ਫਰਾਰ ਹੋ ਗਏ ਤਾਂ ਇੰਡੋਨੇਸ਼ੀਆਈ ਪੁਲੀਸ ਨੇ ਉਨ੍ਹਾਂ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ। ਉਹ ਅਜਿਹੀ ਕਿਸੇ ਘਟਨਾ ਵਿੱਚ ਸ਼ਾਮਲ ਨਹੀਂ ਸਨ ਕਿਉਂਕਿ ਉਹ ਆਪਣੀ ਜਾਨ ਬਚਾਉਣ ਲਈ ਭੱਜ ਰਹੇ ਸਨ।