ਚੰਡੀਗੜ੍ਹ, 29 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਆਪਣੇ ਚੰਗੇ ਭਵਿੱਖ ਲਈ ਪੰਜਾਬ ਤੋਂ ਵਿਦੇਸ਼ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਦੀ ਮਦਭਾਗੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਦੇ ਪਿੰਡ ਧੂੰਦਾ ਦੇ ਇਕ ਨੌਜਵਾਨ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਿੰਡ ਧੂੰਦਾ ਦੇ ਨੌਜਵਾਨ ਤਰਲੋਚਨ ਸਿੰਘ ਪੁੱਤਰ ਸਰਵਣ ਸਿੰਘ ਆਪਣੀ ਰੋਜ਼ੀ ਰੋਟੀ ਲਈ ਅਮਰੀਕਾ ਗਿਆ ਸੀ, ਜਿੱਥੇ ਉਥੇ ਉਸਦੀ ਹਾਰਟ ਅਟੈਕ ਆਉਣ ਕਰਕੇ ਮੌਤ ਹੋ ਗਈ ਹੈ। ਨੌਜਵਾਨ ਦੀ ਉਮਰ ਤਕਰੀਬਨ 27 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਇਹ ਨੌਜਵਾਨ ਕੁਝ ਦਿਨ ਪਹਿਲਾਂ ਹੀ ਅਮਰੀਕਾ ਪੁੱਜਾ ਸੀ। ਤਰਲੋਚਨ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਦਾ ਰੋ ਰੋ ਕੇ ਹੋਇਆ ਬੁਰਾ ਹਾਲ ਹੈ ਅਤੇ ਸਮੁੱਚਾ ਪਿੰਡ ਸੋਗ ਵਿੱਚ ਡੁੱਬਿਆ ਹੋਇਆ ਹੈ।
ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਲੋਚਨ ਸਿੰਘ ਰਾਤ ਸਮੇਂ ਪਰਿਵਾਰ ਨਾਲ ਗੱਲਬਾਤ ਕਰਕੇ ਸੁੱਤਾ ਸੀ ਅਤੇ ਰਾਤ ਨੂੰ ਸੁੱਤੇ ਪਿਆ ਹੀ ਸਾਈਲੈਂਟ ਅਟੈਕ ਆਉਣ ਕਰਕੇ ਉਸਦੀ ਮੌਤ ਹੋ ਗਈ ਹੈ। ਪਰਿਵਾਰ ਵੱਲੋਂ ਆਪਣੇ ਨੌਜਵਾਨ ਪੁੱਤਰ ਦੀਆਂ ਅੰਤਿਮ ਰਸਮਾਂ ਕਰਨ ਲਈ ਸਰਕਾਰ ਕੋਲੋਂ ਅਮਰੀਕਾ ਦੇ ਵੀਜੇ ਦੀ ਮੰਗ ਕੀਤੀ ਗਈ ਹੈ।