ਕਿਹਾ ਕਿ ਇਕ ਹੀ ਕੋਰਸ ਦੀ ਕੈਨੇਡੀਅਨ ਵਿਦਿਆਰਥੀਆਂ ਤੋਂ ਦੋ ਹਜ਼ਾਰ ਡਾਲਰ ਤੇ ਵਿਦੇਸ਼ੀ ਵਿਦਿਆਰਥੀਆਂ ਤੋਂ ਲਈ ਜਾ ਰਹੀ ਹੈ 10 ਹਜ਼ਾਰ ਡਾਲਰ ਫੀਸ
ਬਰੈਂਮਪਟਨ, 16 ਅਪ੍ਰੈਲ,ਦੇਸ਼ ਕਲਿਕ ਬਿਊਰੋ:
ਮੋਹਾਲੀ ਦੇ ਨੌਜਵਾਨ ਨਵਕਿਰਨ ਸਿੰਘ ਨੇ ਕੈਨੇਡਾ ਵਿੱਚ ਅਗਲੀਆਂ ਚੋਣਾਂ ਲਈ ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਪਾਇਰੇ ਪੋਇਲੀਵਰੇ ਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੀ ਚਰਚਾ ਕੀਤੀ ਤੇ ਵਿਦੇਸ਼ੀ ਵਿਦਿਆਰਥੀਆਂ ਦੇ ਮੁੱਦਿਆਂ ਨੂੰ ਉਠਾਇਆ। ਮੋਹਾਲੀ ਦੇ ਨਵਕਿਰਨ ਸਿੰਘ ਨੇ ਬਰੈਂਮਪਟਨ ਪਹੁੰਚੇ ਪਾਇਰੇ ਪੋਇਲੀਵਰੇ ਸਾਹਮਣੇ ਵਿਦਿਆਰਥੀਆਂ ਦੇ ਮੁੱਦੇ ਉਠਾਉਂਦੇ ਹੋਏ ਕਿਹਾ ਕਿ ਕੈਨੇਡਾ ‘ਚ ਇਕ ਹੀ ਕੋਰਸ ਤੇ ਇਕ ਹੀ ਸਮੈਸਟਰ ਦੀ ਫੀਸ ਦੇ ਮਾਮਲੇ ‘ਚ ਵਿਦੇਸ਼ੀ ਵਿਦਿਆਰਥੀਆਂ ਨਾਲ ਪੱਖਪਾਤ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਜੰਮਪਲ ਵਿਦਿਆਰਥੀਆਂ ਤੋਂ 2 ਹਜ਼ਾਰ ਡਾਲਰ ਫੀਸ ਲਈ ਜਾਂਦੀ ਹੈ, ਜਦੋਂ ਕਿ ਭਾਰਤ ਸਮੇਤ ਹੋਰਨਾਂ ਦੇਸ਼ਾਂ ਤੋਂ ਆਏ ਵਿਦਿਆਰਥੀਆਂ ਤੋਂ ਇਹ ਫੀਸ 10 ਹਜ਼ਾਰ ਡਾਲਰ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਵਿਦਿਆਰਥੀਆਂ ਨਾਲ ਇਹ ਵੱਡਾ ਧੱਕਾ ਹੈ।ਕਰਨਵੀਰ ਨੇ ਅੱਗੇ ਕਿਹਾ ਕਿ ਮੰਦੀ ਦੇ ਦੌਰ ਵਿੱਚ ਵਿਦਿਆਰਥੀਆਂ ਨੂੰ ਕੰਮ ਵੀ ਨਹੀਂ ਮਿਲ ਰਿਹਾ। ਨਵਕਿਰਨ ਨੇ ਮੰਗ ਕੀਤੀ ਕਿ ਫੀਸਾਂ ਵਿਚਲੇ ਇਸ ਫਰਕ ਨੂੰ ਘੱਟ ਕੀਤਾ ਜਾਵੇ। ਨਵਕਿਰਨ ਸਿੰਘ ਨੇ ਇਹ ਮੰਗਾਂ ਕਨੇਡੀਅਨ ਆਗੂ ਵਲੋਂ ਕੀਤੀ ਜਾ ਰਹੀ ਪ੍ਰੈਸ ਕਾਨਫਰੰਸ ਮੌਕੇ ਉਠਾਈਆਂ। ਮੋਹਾਲੀ ਦੇ ਨੌਜਵਾਨ ਨਵਕਿਰਨ ਵੱਲੋਂ ਦਿੱਤੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਕਨੇਡਾ ‘ਚ ਵਿਰੋਧੀ ਧਿਰ ਦੇ ਆਗੂ ਪਾਇਰੇ ਪੋਇਲੀਵਰੇ ਨੇ ਕਿਹਾ ਕਿ ਜੇਕਰ ਉਹ ਸੱਤਾ ਵਿੱਚ ਆਉਂਦੇ ਹਨ ਤਾਂ ਫੀਸਾਂ ਦੇ ਇਸ ਅੰਤਰ ਨੂੰ ਖਤਮ ਕਰਨ ਲਈ ਕੰਮ ਕਰਨਗੇ।
ਇਸ ਮੌਕੇ ਨਵਕਿਰਨ ਨੇ ਪੰਜਾਬੀਆਂ ਦੀ ਇਹ ਵੀ ਮੰਗ ਵੀ ਉਠਾਈ ਕਿ ਮੋਹਾਲੀ ਏਅਰਪੋਰਟ ਲਈ ਕੈਨੇਡਾ ਤੋਂ ਸਿੱਧੀਆਂ ਫਲਾਈਟਾਂ ਚਲਾਈਆਂ ਜਾਣ। ਉਨ੍ਹਾਂ ਦਲੀਲ ਦਿੱਤੀ ਕਿ ਮੋਹਾਲੀ ਏਅਰਪੋਰਟ ਪੰਜਾਬ ਦੇ ਨਾਲ-ਨਾਲ ਹੋਰ ਸੂਬਿਆਂ ਨੂੰ ਵੀ ਨੇੜੇ ਪੈਂਦਾ ਹੈ, ਇਸ ਨਾਲ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਵੱਡਾ ਲਾਭ ਹੋਵੇਗਾ। ਜ਼ਿਕਰਯੋਗ ਹੈ ਕਿ ਨਵਕਿਰਨ ਸਿੰਘ ਮੋਹਾਲੀ ਦੇ ਸੱਤ ਫੇਜ ਤੋਂ ਸਾਬਕਾ ਐਮਸੀ ਮਨਮੋਹਨ ਸਿੰਘ ਲੰਗ ਤੇ ਸਾਬਕਾ ਕੌਂਸਲਰ ਹਰਵਿੰਦਰ ਕੌਰ ਲੰਗ ਦੇ ਪੁੱਤਰ ਹਨ।