ਪਟਿਆਲਾ, 11 ਮਾਰਚ, ਹਿੰ.ਸ.: ਪਟਿਆਲਾ ਜ਼ਿਲ੍ਹੇ ਦੇ ਪਿੰਡ ਨਮਾਦਾ ਤੋਂ ਆਸਟ੍ਰੇਲੀਆ ਗਏ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ, ਜਦਕਿ ਦੋ ਜਣੇ ਹੋਰ ਗੰਭੀਰ ਰੂਪ ਵਿੱਚ ਜ਼ਖਮੀਂ ਹੋ ਗਏ। ਬੁੱਧਵਾਰ ਸ਼ਾਮ ਇਹ ਖਬਰ ਮਿਲਦੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।
ਪੀੜਿਤ ਚਚੇਰੇ ਭਰਾ ਬਲਕਾਰ ਸਿੰਘ ਨੇ ਦੱਸਿਆ ਕਿ ਸਵਰਨਜੀਤ ਸਿੰਘ ਗਰੇਵਾਲ ਆਪਣੀ ਪਤਨੀ ਅਮਨਦੀਪ ਕੌਰ, ਪੁੱਤਰ ਸਹਿਜ ਨਾਲ ਪਿਛਲੇ 13 ਸਾਲਾਂ ਤੋਂ ਆਸਟ੍ਰੇਲੀਆ 'ਚ ਰਹਿੰਦਾ ਹੈ। ਉਹ ਉਥੇ ਡਰਾਇਵਰ ਦੇ ਤੌਰ 'ਤੇ ਕੰਮ ਕਰਦਾ ਸੀ। ਕੁਝ ਦਿਨ ਪਹਿਲਾਂ ਪੰਜਾਬ ਤੋਂ ਪੰਜਾਬ ਤੋਂ ਗਈ ਭਾਬੀ ਗੁਰਮੀਤ ਕੌਰ ਤੇ ਉਸ ਦੇ ਪੁੱਤਰ ਇਸ਼ਪ੍ਰੀਤ ਸਿੰਘ ਨਾਲ ਕਲਿਸਤਾ ਦੇ ਪਹਾੜੀ ਇਲਾਕੇ 'ਚ ਘੁੰਮਣ ਗਿਆ ਸੀ। ਵਾਪਸੀ ਵੇਲੇ ਸੜਕ ਕਿਨਾਰੇ ਖੜ੍ਹੇ ਇਕ ਰੁੱਖ ਦੇ ਕਾਰ ਉੱਪਰ ਡਿੱਗ ਜਾਣ ਕਾਰਨ ਵਾਪਰੀ ਘਟਨਾ 'ਚ ਸਵਰਨਜੀਤ ਸਿੰਘ (34), ਪਤਨੀ ਅਮਨਦੀਪ ਕੌਰ (32) ਤੇ ਭਤੀਜੇ ਇਸ਼ਪ੍ਰੀਤ ਸਿੰਘ (16) ਦੀ ਮੌਤ ਹੋ ਗਈ ਜਦਕਿ ਕਾਰ ਸਵਾਰ ਉਨ੍ਹਾਂ ਦਾ ਪੁੱਤਰ ਸਹਿਜ (4), ਭਾਬੀ ਗੁਰਮੀਤ ਕੌਰ (36) ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮ੍ਰਿਤਕ ਇਸ਼ਪ੍ਰੀਤ ਸਿੰਘ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਤਿੰਨੋਂ ਮ੍ਰਿਤਕਾਂ ਦੀਆਂ ਲਾਸ਼ਾਂ ਅੰਤਿਮ ਸੰਸਕਾਰ ਲਈ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।