ਨਿਊਯਾਰਕ :
ਕੈਨੇਡਾ ਦੀ ਸਰਹੱਦ ਨਾਲ ਲਗਦੇ ਅਮਰੀਕਾ ਦੇ ਤੱਟੀ ਸਹਿਰ ਬੈਲਿੰਘਮ ਵਿੱਚ ਬਣ ਰਹੀ ਖਾਲਸਾ ਯੂਨੀਵਰਸਿਟੀ ਲਈ ਵਾਸ਼ਿੰਗਟਨ ਸੂਬੇ ਵਿੱਚ ਪਰਵਾਸੀ ਭਾਰਤੀਆਂ ਦੇ ਇੱਕ ਸਮੂਹ ਨੇ 125 ਏਕੜ ਜ਼ਮੀਨ ਦਾਨ ਕੀਤੀ ਗਈ। ਲੁਧਿਆਣਾ ਜਿਲ੍ਹੇ ਨਾਲ ਸੰਬੰਧਿਤ ਮਨਜੀਤ ਸਿੰਘ ਧਾਲੀਵਾਲ ਮੁਤਾਬਕ ਯੂਨੀਵਰਸਿਟੀ ਅਗਲੇ ਸਾਲ ਤੋਂ ਪ੍ਰਸਤਾਵਿਤ ਕੋਰਸ ਸ਼ੁਰੂ ਕਰ ਸਕਦੀ ਹੈ। ਜਿਸ ਲਈ ਸਿੱਖਿਆ ਵਿਭਾਗ ਤੋਂ ਮਨਜ਼ੂਰੀ ਲੈ ਲਈ ਗਈ ਹੈ ਤੇ ਇੱਕ ਸਰਕਾਰੀ ਕਾਲਜ ਦੀਆਂ ਦੋ ਇਮਾਰਤਾਂ ਖ਼ਰੀਦੀਆਂ ਜਾ ਚੁੱਕੀਆਂ ਹਨ। ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਹੀ ਇਕਲੌਤੀ ਸਿੱਖ ਯੂਨੀਵਰਸਿਟੀ ਹੈ।ਇਸ ਤੋਂ ਇਲਾਵਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਗੁਰੂ ਨਾਨਕ ਦੇਵ ਦੇ ਨਾਮ ਤੇ ਨਨਕਾਣਾ ਸਾਹਿਬ ਵਿੱਚ ਯੂਨੀਵਰਸਿਟੀ ਬਣਾਉਣ ਦਾ ਐਲਾਨ ਕਰ ਚੁੱਕੇ ਹਨ। ਅਮਰੀਕਾ ਦੇ ਸ਼ਹਿਰ ਬੈਲਿੰਗਹੈਮ ‘ਚ ਖ਼ਾਲਸਾ ਯੂਨੀਵਰਸਿਟੀ ਸਥਾਪਿਤ ਕਰਨ ਲਈ 125 ਏਕੜ ਜ਼ਮੀਨ ਦੇਣ ਵਾਲੇ ਸਿੱਖ ਮਨਜੀਤ ਸਿੰਘ ਧਾਲੀਵਾਲ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ | ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਧਾਲੀਵਾਲ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ: ਰੂਪ ਸਿੰਘ ਵਲੋਂ ਉਨ੍ਹਾਂ ਨੂੰ ਸਿਰੋਪਾਓ, ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਯਾਦਗਾਰੀ ਸਿੱਕੇ ਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੱਤਰ ਮਨਜੀਤ ਸਿੰਘ ਬਾਠ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਤੇ ਹੋਰ ਮੌਜੂਦ ਸਨ | ਇਸ ਮੌਕੇ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਅਮਰੀਕਾ ਦੇ ਸਿੱਖਾਂ ਵਲੋਂ ਖ਼ਾਲਸਾ ਯੂਨੀਵਰਸਿਟੀ ਸਥਾਪਿਤ ਕਰਨ ਦੀ ਪਹਿਲ ਨੂੰ ਇਤਿਹਾਸਕ ਤੇ ਸ਼ਲਾਘਾਯੋਗ ਕਦਮ ਕਰਾਰ ਦਿੱਤਾ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ: ਰੂਪ ਸਿੰਘ ਨੇ ਕਿਹਾ ਕਿ ਅਮਰੀਕਾ ਵਰਗੇ ਵਿਕਸਿਤ ਦੇਸ਼ ‘ਚ ਸਿੱਖ ਸਰੋਕਾਰਾਂ ਨੂੰ ਉਭਾਰਨ ਲਈ ਖ਼ਾਲਸਾ ਯੂਨੀਵਰਸਿਟੀ ਦੀ ਸਥਾਪਨਾ ਬੇਹੱਦ ਅਹਿਮ ਪ੍ਰਾਪਤੀ ਹੈ | ਇਸ ਦੌਰਾਨ ਸ. ਮਨਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਅਮਰੀਕਾ ਅੰਦਰ ਪਹਿਲੇ ਵਿਸ਼ਵ ਵਿਦਿਆਲੇ ਵਜੋਂ ਸਥਾਪਿਤ ਹੋਈ ਹੈ | ਭਾਵੇਂ ਕਿ ਇਸ ਤੋਂ ਪਹਿਲਾਂ ਵੱਖ-ਵੱਖ ਦੇਸ਼ਾਂ ਅੰਦਰ ਸਿੱਖ ਸੰਸਥਾਵਾਂ ਵਲੋਂ ਕਈ ਸਕੂਲ ਚਲਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਅਮਰੀਕਾ ‘ਚ ਖ਼ਾਲਸਾ ਯੂਨੀਵਰਸਿਟੀ ਦਾ ਮੰਤਵ ਗੁਰੂ ਸਾਹਿਬ ਦੇ ਫਲਸਫੇ ਅਨੁਸਾਰ ਮਾਨਵੀ ਬਰਾਬਰਤਾ ਦੇ ਸੰਦੇਸ਼ ਨੂੰ ਪ੍ਰਚਾਰਨਾ ਹੈ | ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਲਈ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਤੋਂ ਰਜਿਸਟ੍ਰੇਸ਼ਨ ਪ੍ਰਾਪਤ ਕੀਤੀ ਜਾ ਚੁੱਕੀ ਹੈ ਤੇ ਮੌਜੂਦਾ ਸਮੇਂ ਸਕੂਲ ਤੋਂ ਇਲਾਵਾ ਆਨਲਾਈਨ ਕੋਰਸ ਆਰੰਭ ਕੀਤੇ ਜਾ ਰਹੇ ਹਨ ਤੇ ਅਗਲੇ ਸਮਿਆਂ ਦੌਰਾਨ ਵੱਡੇ ਅਕਾਦਮਿਕ ਕੋਰਸ ਚਲਾਏ ਜਾਣਗੇ | ਇਸ ਮੌਕੇ ਹਰਭਜਨ ਸਿੰਘ ਧਾਲੀਵਾਲ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ: ਗੁਰਨਾਮ ਸਿੰਘ, ਮਲਕੀਤ ਸਿੰਘ ਬਹਿੜਵਾਲ, ਸ਼ਾਹਬਾਜ਼ ਸਿੰਘ, ਜਸਬੀਰ ਸਿੰਘ ਪਟਿਆਲਾ ਆਦਿ ਹਾਜ਼ਰ ਸਨ |