ਟੋਰੰਟੋ, 26 ਦਸੰਬਰ :
ਕ੍ਰਿਸਮਸ ਦੀ ਪੂਰਵ ਸੰਧਿਆ ਉਤੇ ਬ੍ਰਿਟਿਸ਼ ਕੋਲੰਬੀਆ ਵਿੱਚ ਬਰਫੀਲੇ ਰਾਜਮਾਰਗ ਉਤੇ ਇਕ ਬੱਸ ਉਲਟ ਜਾਣ ਵਿੱਚ ਅੰਮ੍ਰਿਤਸਰ ਦੇ ਇਕ ਨੌਜਵਾਨ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਸੈਕੜੇ ਲੋਕ ਜ਼ਖਮੀ ਹੋ ਗਏ। ਕੈਨੇਡਾ ਦੇ ਅਧਿਕਾਰੀਆਂ ਨੇ ਅਜੇ ਤੱਕ ਮ੍ਰਿਤਕ ਦੀ ਪਹਿਚਾਣ ਦੀ ਪੁਸ਼ਟੀ ਨਹੀਂ ਕੀਤੀ। ਸਰੇ ਵਿੱਚ ਇਕ ਪੰਜਾਬੀ ਅਖਬਾਰ ਦੇ ਸੰਪਾਦਕ ਨੇ ਕਿਹਾ ਕਿ ਬੁਤਾਲਾ, ਅੰਮ੍ਰਿਤਸਰ ਦੇ 41 ਸਾਲਾ ਕਰਣਜੋਤ ਸਿੰਘ ਸੋਢੀ ਹਾਦਸੇ ਵਿੱਚ ਸ਼ਾਮਲ ਸਨ, ਜਿਸਦੀ ਮੌਤ ਹੋ ਗਈ ਹੈ।
ਸਰੇ ਸਥਿਤ ਅਕਾਲ ਗਾਰਜਨ ਅਖਬਾਰ ਦੇ ਸੰਪਾਦਕ ਗੁਰਪ੍ਰੀਤ ਐਸ ਸਹੋਤਾ ਨੇ ਆਪਣੇ ਟਵੀਟਰ ਹੈਂਡਲ ਉਤੇ ਲਿਖਿਆ, ਵੈਂਕੁਵਰ-ਕੇਲੋਨਾ ਮਾਰਗ ਉਤੇ 24 ਦਸੰਬਰ ਨੂੰ ਇਕ ਬੱਸ ਹਾਦਸੇ ਵਿੱਚ ਮਾਰੇ ਗਏ ਚਾਰ ਵਿਅਕਤੀਆਂ ਵਿੱਚ 41 ਸਾਲਾ ਕਰਣਜੋਤ ਸਿੰਘ ਸੋਢੀ ਵੀ ਸ਼ਾਮਲ ਹੈ।
ਸਹੋਤਾ ਨੇ ਕਿਹਾ, ਉਹ ਬੁਤਾਲਾ ਅੰਮ੍ਰਿਤਸਰ ਤੋਂ ਹੁਣੇ ਹੀ ਸਤੰਬਰ 2022 ਵਿਚ ਵਰਕ ਪਰਮਿਟ ਉਤੇ ਕੈਨੇਡਾ ਆਏ ਸਨ। ਸਹੋਤਾ ਨੇ ਕਿਹਾ ਕਿ ਸੋਢੀ ਓਕਾਨਾਗਨ ਵਾਈਨਰੀ ਦੇ ਇਕ ਰੈਸਟੋਰੈਂਟ ਵਿੱਚ ਸੇਫ ਵਜੋਂ ਕੰਮ ਕਰਦਾ ਸੀ।
ਸਹੋਤਾ ਨੇ ਟਵੀਟ ਵਿਚ ਲਿਖਿਆ ਕਿ ਉਹ ਆਪਣੀ ਪਤਨੀ, ਇਕ ਬੇਟਾ ਅਤੇ ਇਕ ਬੇਟੀ ਨੂੰ ਪੰਜਾਬ ਦੇ ਆਪਣੇ ਪਿੰਡ ਵਿੱਚ ਛੱਡ ਗਿਆ।
ਬ੍ਰਿਟਿਸ ਕੋਲੰਬੀਆ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਰਾਜਮਾਰਗ ਨਾਲ ਬਹੁਤ ਬਰਫੀਲੀ ਸੜਕ ਦੀ ਸਥਿਤੀ ਕਾਰਨ ਬਸ ਉਲਟ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਾਦਸੇ ਦੇ ਸਹੀ ਕਾਰਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਬੱਸ ਡਰਾਈਵਰ ਪੁਲਿਸ ਦੀ ਮਦਦ ਕਰ ਰਿਹਾ ਹੈ।
ਆਈਏਐਨਐਸ