ਨਵੀਂ ਦਿੱਲੀ, 25 ਨਵੰਬਰ,ਦੇਸ਼ ਕਲਿੱਕ ਬਿਓਰੋ -
ਆਸਟ੍ਰੇਲੀਆ ਦੇ ਕੁਈਨਜ਼ਲੈਂਡ ‘ਚ ਇਕ ਆਸਟ੍ਰੇਲੀਆਈ ਔਰਤ ਦੀ ਹੱਤਿਆ ਕਰਨ ਤੋਂ ਬਾਅਦ 2018 ਤੋਂ ਫਰਾਰ ਚੱਲ ਰਹੇ 38 ਸਾਲਾ ਵਿਅਕਤੀ ਨੂੰ ਦਿੱਲੀ ਪੁਲਸ ਨੇ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ।
ਮੁਲਜ਼ਮ ਦੀ ਪਛਾਣ ਰਾਜਵਿੰਦਰ ਸਿੰਘ ਵਾਸੀ ਬੁੱਟਰ ਕਲਾਂ, ਪੰਜਾਬ ਵਜੋਂ ਹੋਈ ਹੈ, ਜੋ ਕਿ ਕੁਈਨਜ਼ਲੈਂਡ ਦੇ ਇਨਿਸਫੈਲ ਵਿੱਚ ਬਤੌਰ ਨਰਸ ਕੰਮ ਕਰਦਾ ਸੀ।
21 ਅਕਤੂਬਰ, 2018 ਨੂੰ, 24 ਸਾਲਾ ਟੋਯਾਹ ਕੋਰਡਿੰਗਲੇ ਕੁਈਨਜ਼ਲੈਂਡ ਦੇ ਕੇਰਨਜ਼ ਤੋਂ 40 ਕਿਲੋਮੀਟਰ ਉੱਤਰ ਵੱਲ ਵੈਂਗੇਟੀ ਬੀਚ 'ਤੇ ਆਪਣੇ ਕੁੱਤੇ ਨਾਲ ਸੈਰ ਕਰ ਰਹੀ ਸੀ, ਜਦੋਂ ਰਾਜਵਿੰਦਰ ਸਿੰਘ ਨੇ ਉਸ ਨੂੰ ਮਾਰ ਦਿੱਤਾ।
ਕੋਰਡਿੰਗਲੇ ਦੀ ਹੱਤਿਆ ਤੋਂ ਦੋ ਦਿਨ ਬਾਅਦ ਉਹ ਆਪਣੀ ਨੌਕਰੀ, ਪਤਨੀ ਅਤੇ ਤਿੰਨ ਬੱਚਿਆਂ ਨੂੰ ਆਸਟ੍ਰੇਲੀਆ ਛੱਡ ਕੇ ਦੇਸ਼ ਛੱਡ ਕੇ ਭੱਜ ਗਿਆ ਸੀ।
ਆਸਟ੍ਰੇਲੀਅਨ ਪੁਲਿਸ ਦੇ ਅਨੁਸਾਰ, ਕੋਰਡਿੰਗਲੇ ਦੇ ਕਤਲ ਤੋਂ ਅਗਲੇ ਦਿਨ 22 ਅਕਤੂਬਰ ਨੂੰ ਉਹ ਕੇਅਰਨਜ਼ ਤੋਂ ਰਵਾਨਾ ਹੋਇਆ ਸੀ, ਅਤੇ ਫਿਰ 23 ਅਕਤੂਬਰ ਨੂੰ ਸਿਡਨੀ ਤੋਂ ਭਾਰਤ ਲਈ ਉਡਾਣ ਭਰੀ ਸੀ। ਅਧਿਕਾਰੀਆਂ ਦੁਆਰਾ ਉਸਦੇ ਭਾਰਤ ਆਉਣ ਦੀ ਪੁਸ਼ਟੀ ਕੀਤੀ ਗਈ ਸੀ।
ਮਾਰਚ 2021 ਵਿੱਚ, ਆਸਟਰੇਲੀਆਈ ਸਰਕਾਰ ਨੇ ਸਿੰਘ ਦੀ ਹਵਾਲਗੀ ਲਈ ਭਾਰਤ ਨੂੰ ਬੇਨਤੀ ਕੀਤੀ ਸੀ। ਇਸ ਬੇਨਤੀ ਨੂੰ ਇਸ ਨਵੰਬਰ ਨੂੰ ਮਨਜ਼ੂਰੀ ਦਿੱਤੀ ਗਈ ਸੀ।
2 ਨਵੰਬਰ ਨੂੰ, ਕੁਈਨਜ਼ਲੈਂਡ ਪੁਲਿਸ ਨੇ 10 ਲੱਖ ਆਸਟ੍ਰੇਲੀਅਨ ਡਾਲਰ ਦਾ ਇਨਾਮ ਘੋਸ਼ਿਤ ਕੀਤਾ ਸੀ, ਜੋ ਕਿ ਵਿਭਾਗ ਦੁਆਰਾ ਦਿੱਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਇਨਾਮ ਹੈ।