ਬਰੈਂਮਪਟਨ, 27 ਅਕਤੂਬਰ, ਦੇਸ਼ ਕਲਿਕ ਬਿਊਰੋ :
ਇੰਡੋ-ਕੈਨੇਡੀਅਨ ਸਿਹਤ ਕਾਰਕੁਨ ਨਵਜੀਤ ਕੌਰ ਬਰਾੜ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਪਹਿਲੀ ਸਿੱਖ ਮਹਿਲਾ ਕੌਂਸਲਰ ਚੁਣੀ ਗਈ ਹੈ। ਉਸਨੇ ਬਰੈਂਪਟਨ ਵੈਸਟ ਲਈ ਸਾਬਕਾ ਕੰਜ਼ਰਵੇਟਿਵ ਐਮਪੀ ਉਮੀਦਵਾਰ, ਜਰਮੇਨ ਚੈਂਬਰਜ਼ ਨੂੰ ਹਰਾਇਆ।ਚੈਂਬਰਜ਼ ਨੂੰ 22.59 ਫੀਸਦੀ ਵੋਟ ਮਿਲੇ ਅਤੇ ਕਾਰਮੇਨ ਵਿਲਸਨ 15.41 ਫੀਸਦੀ ਨਾਲ ਤੀਜੇ ਸਥਾਨ 'ਤੇ ਰਹੇ। ਆਪਣੀ ਮੁਹਿੰਮ ਦੇ ਹਿੱਸੇ ਵਜੋਂ, ਨਵਜੀਤ ਕੌਰ ਬਰਾੜ ਨੇ ਪਿਛਲੇ ਦੋ ਮਹੀਨਿਆਂ ਵਿੱਚ 40,000 ਤੋਂ ਵੱਧ ਦਰਵਾਜ਼ਿਆਂ ‘ਤੇ ਦਸਤਕ ਦਿੱਤੀ ਅਤੇ 22,500 ਤੋਂ ਵੱਧ ਵਸਨੀਕਾਂ ਨਾਲ ਗੱਲਬਾਤ ਕੀਤੀ ਹੈ। ਇੱਕ ਹੋਰ ਸਿੱਖ ਉਮੀਦਵਾਰ ਗੁਰਪ੍ਰਤਾਪ ਸਿੰਘ ਤੂਰ ਨੇ ਵਾਰਡ 9 ਅਤੇ 10 ਵਿੱਚ ਆਪਣੇ ਵਿਰੋਧੀ ਗੁਰਪ੍ਰੀਤ ਢਿੱਲੋਂ ਨੂੰ 227 ਵੋਟਾਂ ਨਾਲ ਹਰਾਇਆ।ਜਾਣਕਾਰੀ ਅਨੁਸਾਰ ਬਰੈਂਪਟਨ ਸਿਵਿਲ ਚੋਣਾਂ ਲਈ 40 ਦੇ ਕਰੀਬ ਪੰਜਾਬੀ ਚੋਣ ਮੈਦਾਨ ਵਿੱਚ ਸਨ ਅਤੇ 354,884 ਯੋਗ ਵੋਟਰਾਂ ਵਿੱਚੋਂ ਸਿਰਫ਼ 87,155 ਨੇ ਹੀ ਵੋਟ ਪਾਈ। ਨਵਜੀਤ ਕੌਰ ਬਰਾੜ ਨੇ ਕਿਹਾ ਕਿ ਮੈਂ ਆਪਣੇ ਵਾਰਡ ਵਿੱਚ ਸਾਰੇ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਯੋਜਨਾ ਬਣਾਈ ਹੈ।