ਓਟਾਵਾ, 22 ਅਪ੍ਰੈਲ :
ਭਾਰਤ, ਪਾਕਿਸਤਾਨ ਅਤੇ ਬ੍ਰਾਜੀਲ ਵਿੱਚ ਦਿਨੋਂ ਦਿਨ ਵਧਦੇ ਕੋਰੋਨਾ ਨੂੰ ਦੇਖਦੇ ਹੋਏ ਕੈਨੇਡਾ ਨੇ ਸਖਤ ਕਦਮ ਚੁਕਦਿਆਂ ਇਨ੍ਹਾਂ ਦੇਸ਼ਾਂ ਵਿੱਚੋਂ ਆਉਣ ਵਾਲੀਆਂ ਉਡਾਨਾਂ ਉਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਕਮਰਸ਼ੀਅਲ ਤੇ ਪ੍ਰਾਈਵੇਟ ਉਡਾਨਾਂ ਉਤੇ 30 ਦਿਨਾਂ ਲਈ ਰੋਕ ਲਗਾ ਦਿੱਤੀ ਹੈ।
ਇੱਕ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਉਥੋਂ ਦੀ ਸਰਕਾਰ ਦੇ ਕਈ ਮੰਤਰੀਆਂ ਨੇ ਇਸ ਫੈਸਲੇ ਸਬੰਧੀ ਐਲਾਨ ਕੀਤਾ।ਸਰਕਾਰ ਉੱਤੇ ਵੇਰੀਐਂਟ ਦੇ ਪਸਾਰ ਨੂੰ ਰੋਕਣ ਲਈ ਘਰੇਲੂ ਪੱਧਰ ਉੱਤੇ ਕਾਫੀ ਦਬਾਅ ਪਾਇਆ ਜਾ ਰਿਹਾ ਹੈ। ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੇ ਆਖਿਆ ਕਿ ਉਹ ਇਨ੍ਹਾਂ ਦੋਵਾਂ ਦੇਸ਼ਾਂ ਤੋਂ ਆਉਣ ਵਾਲੇ ਟਰੈਵਲਰਜ਼ ਉੱਤੇ ਅਸਥਾਈ ਪਾਬੰਦੀ ਇਸ ਲਈ ਲਾ ਰਹੇ ਹਨ ਕਿਉਂਕਿ ਇੱਥੋਂ ਪਹੁੰਚਣ ਵਾਲੇ ਯਾਤਰੀਆਂ ਦੇ ਟੈਸਟ ਨਤੀਜੇ ਪਾਜ਼ੀਟਿਵ ਆ ਰਹੇ ਹਨ।
ਇਸ ਤੋਂ ਇਲਾਵਾ ਜੇ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਟਰੈਵਲਰਜ਼ ਅਸਿੱਧੇ ਰੂਟ ਰਾਹੀਂ ਇੱਥੇ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਆਪਣਾ ਨੈਗੇਟਿਵ ਪੀ ਸੀ ਆਰ ਟੈਸਟ ਵਿਖਾਉਣਾ ਹੋਵੇਗਾ। ਇੱਕ ਵਾਰੀ ਉਨ੍ਹਾਂ ਦੇ ਕੈਨੇਡਾ ਪਹੁੰਚਣ ਉੱਤੇ ਉਨ੍ਹਾਂ ਨੂੰ ਸਟੈਂਡਰਡ ਪ੍ਰੋਟੋਕਾਲ ਦਾ ਹੀ ਪਾਲਣ ਕਰਨਾ ਹੋਵੇਗਾ। ਫਿਰ ਉਨ੍ਹਾਂ ਨੂੰ ਇੱਥੇ ਆ ਕੇ ਇੱਕ ਹੋਰ ਟੈਸਟ ਕਰਵਾਉਣਾ ਹੋਵੇਗਾ ਤੇ ਇਸ ਦੇ ਨਤੀਜੇ ਦੀ ਉਡੀਕ ਕਰਦੇ ਸਮੇਂ ਉਨ੍ਹਾਂ ਨੂੰ ਸਰਕਾਰ ਵੱਲੋਂ ਨਿਰਧਾਰਤ ਹੋਟਲ ਵਿੱਚ ਰੁਕਣਾ ਹੋਵੇਗਾ।ਅਲਘਬਰਾ ਨੇ ਆਖਿਆ ਕਿ ਲੋੜ ਪੈਣ ਉੱਤੇ ਉਹ ਹੋਰਨਾਂ ਦੇਸ਼ਾਂ ਤੋਂ ਆਉਣ ਵਾਲੀਆਂ ਫਲਾਈਟਸ ਉੱਤੇ ਪਾਬੰਦੀ ਲਾਉਣ ਤੋਂ ਵੀ ਨਹੀਂ ਹਿਚਕਿਚਾਉਣਗੇ।