ਵਾਸਿੰਗਟਨ,26 ਅਗਸਤ, ਦੇਸ਼ ਕਲਿਕ ਬਿਊਰੋ:
ਅਮਰੀਕਾ ਵਿੱਚ ਭਾਰਤੀ ਮੂਲ ਦੀਆਂ ਚਾਰ ਔਰਤਾਂ ਨਾਲ ਨਸਲੀ ਵਿਤਕਰੇ ਦੀ ਘਟਨਾ ਸਾਹਮਣੇ ਆਈ ਹੈ। ਤਾਜ਼ਾ ਮਾਮਲਾ ਟੈਕਸਾਸ ਸ਼ਹਿਰ ਦਾ ਹੈ ਜਿੱਥੇ ਚਾਰ ਭਾਰਤੀ-ਅਮਰੀਕੀ ਔਰਤਾਂ ਦੇ ਇੱਕ ਸਮੂਹ ਦੀ ਕੁੱਟਮਾਰ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਇੱਕ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਮੈਕਸੀਕਨ-ਅਮਰੀਕੀ ਔਰਤ ਭਾਰਤੀ ਮੂਲ ਦੀਆਂ ਔਰਤਾਂ ਨਾਲ ਬਦਸਲੂਕੀ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਜਾਣ ਲਈ ਕਹਿ ਰਹੀ ਹੈ। ਦੋਸ਼ੀ ਔਰਤ ਨੇ ਗਾਲ੍ਹਾਂ ਕੱਢਦੇ ਹੋਏ 'ਆਈ ਹੇਟ ਯੂ ਇੰਡੀਅਨਜ਼, ਗੋ ਬੈਕ' ਦੇ ਨਾਅਰੇ ਵੀ ਲਗਾਏ।ਇਹ ਘਟਨਾ ਟੈਕਸਾਸ ਦੇ ਡੱਲਾਸ ਦੀ ਇਕ ਪਾਰਕਿੰਗ ਵਿਚ ਵੀਰਵਾਰ ਰਾਤ ਨੂੰ ਵਾਪਰੀ। ਔਰਤ, ਜਿਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ, ਵੀਡੀਓ ਵਿੱਚ ਖੁਦ ਨੂੰ ਮੈਕਸੀਕਨ-ਅਮਰੀਕਨ ਦੱਸਦੀ ਹੈ ਅਤੇ ਭਾਰਤੀ ਅਮਰੀਕੀ ਔਰਤਾਂ ਦੇ ਇੱਕ ਸਮੂਹ ਨਾਲ ਹੱਥੋਪਾਈ ਕਰਦੀ ਦਿਖਾਈ ਦੇ ਰਹੀ ਹੈ। ਦੋਸ਼ੀ ਔਰਤ ਨੇ ਗੁੱਸੇ 'ਚ ਸਾਰੀਆਂ ਔਰਤਾਂ ਨੂੰ 'ਆਈ ਹੇਟ ਯੂ ਇੰਡੀਅਨ' ਤੱਕ ਕਹਿ ਦਿੱਤਾ। ਦੋਸ਼ੀ ਔਰਤ ਨੇ ਅਪਸ਼ਬਦ ਬੋਲਦਿਆਂ ਕਿਹਾ ਕਿ ਸਾਰੇ ਭਾਰਤੀ ਇਸ ਲਈ ਅਮਰੀਕਾ ਆਉਂਦੇ ਹਨ ਕਿਉਂਕਿ ਉਹ ਬਿਹਤਰ ਜ਼ਿੰਦਗੀ ਚਾਹੁੰਦੇ ਹਨ।