ਜਗਰਾਓ, 11 ਅਪ੍ਰੈਲ 2021 :
ਲੋਕਾਂ ਵਿਚ ਵਿਦੇਸ਼ ਜਾਣ ਦੀ ਫੈਲ ਰਹੀ ਬੇਚੈਨੀ ਕਾਰਨ ਲੋਕ ਬਹੁਤ ਵੱਡੇ ਘਪਲਿਆਂ ਦੇ ਸ਼ਿਕਾਰ ਹੋ ਰਹੇ ਹਨ। ਰੋਜ਼ਾਨਾ ਵਾਂਗੂ ਹੀ ਅਖਬਾਰਾਂ ਵਿਚ ਇਹ ਖਬਰਾਂ ਛਪ ਰਹੀਆਂ ਕਿ ਵਿਦੇਸ਼ ਜਾਣ ਦੇ ਚੱਕਰ ਵਿਚ ਲੱਖਾਂ ਦੀ ਠੱਗੀ। ਪਰ ਫੇਰ ਵੀ ਲੋਕ ਵਿਦੇਸ਼ ਜਾਣ ਦੇ ਸੁਪਨੇ ਸਜਾਕੇ ਠੱਗੀਆਂ ਦੇ ਸ਼ਿਕਾਰ ਹੋ ਰਹੇ ਹਨ।
ਬਾਬੂਸ਼ਾਹੀ ਦੀ ਖਬਰ ਮੁਤਾਬਕ ਥਾਣਾ ਯੋਧਾਂ ਅਧੀਨ ਪੈਂਦੇ ਪਿੰਡ ਧੂਰਕੋਟ ਦੇ ਲੜਕੇ ਨਾਲ ਵੀ ਵਿਦੇਸ਼ ਲੈ ਜਾਕੇ ਪੱਕਾ ਕਰਵਾਉਣ ਦਾ ਝਾਂਸਾ ਦੇਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਯੋਧਾਂ ਦੇ ਪੁਲਿਸ ਅਧਿਕਾਰੀ ਹਾਕਮ ਸਿੰਘ ਨੇ ਦਸਿਆ ਕਿ ਪੁਲਿਸ ਕੋਲ ਗੁਰਮੇਲ ਸਿੰਘ ਨਿਵਾਸੀ ਧੂਰਕੋਟ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਲੜਕੇ ਨਰਿੰਦਰਜੀਤ ਸਿੰਘ ਦਾ ਵਿਆਹ ਸਿਮਰਨਜੀਤ ਕੌਰ ਨਾਲ 2014 ਵਿਚ ਹੋਇਆ ਸੀ ਅਤੇ ਇਸ ਲਈ ਲੜਕੀ ਦੀ ਮਾਂ ਗੁਰਮੀਤ ਕੌਰ ਨੂੰ 26 ਲੱਖ ਰੁਪਏ ਦਿੱਤੇ ਗਏ ਸਨ। ਲੜਕੀ ਵਲੋਂ ਉਸਨੂੰ ਕੈਨੇਡਾ ਲੈ ਜਾਇਆ ਜਾਣਾ ਸੀ ਪਰ ਲੜਕੀ ਪੁਆਇੰਟ ਸਿਸਟਮ 'ਤੇ ਕੈਨੇਡਾ ਪੱਕੀ ਨਹੀਂ ਹੋ ਸਕੀ।
ਬਾਅਦ ਵਿਚ ਗੁਰਮੀਤ ਕੌਰ ਨੇ ਦਸਿਆ ਕਿ ਉਸਦੇ ਲੜਕੇ ਨੇ ਆਸਟ੍ਰੇਲੀਆ ਜਾਣਾ ਹੈ ਅਤੇ ਤੁਹਾਡੇ ਲੜਕੇ ਅਤੇ ਸਾਡੀ ਲੜਕੀ ਨੂੰ ਆਸਟ੍ਰੇਲੀਆ ਭੇਜ ਦਿਆਂਗੇ। ਮੁੱਦਈ ਅਨੁਸਾਰ ਓਥੇ ਜਾਣ ਅਤੇ ਰਹਿਣ ਦਾ ਸਾਰਾ ਖਰਚਾ ਉਸਦਾ ਲੜਕਾ ਨਰਿੰਦਰਜੀਤ ਸਿੰਘ ਕਰਦਾ ਰਿਹਾ ਅਤੇ ਜਦੋ ਪੀਆਰ ਲੈਣ ਦੀ ਵਾਰੀ ਆਈ ਤਾਂ ਦੋਸ਼ੀਆਂ ਨੇ ਲੜਕੇ ਦਾ ਨਾਮ ਪੀਆਰ ਵਿਚੋਂ ਕਢਵਾ ਦਿੱਤਾ ਅਤੇ ਇੰਡੀਆ ਵਾਪਸ ਜਾਣ ਲਈ ਧਮਕੀਆਂ ਦਿੰਦੇ ਰਹੇ। ਪੁਲਿਸ ਵੱਲੋ ਸਿਮਰਨਜੀਤ ਕੌਰ ਅਤੇ ਗੁਰਮੀਤ ਸਿੰਘ ਉਪਰ ਮੁਕਦਮਾ ਦਰਜ ਕੀਤਾ ਗਿਆ ਹੈ।