ਵੈਨਕੂਵਰ, 4 ਮਈ: ਦੇਸ਼ ਕਲਿੱਕ ਬਿਓਰੋ
ਪੰਜਾਬੀ ਪ੍ਰੈਸ ਕਲੱਬ ਆਫ਼ ਬ੍ਰਿਟਿਸ਼ ਕੋਲੰਬੀਆ (ਪੀਪੀਸੀਬੀਸੀ) ਦੇ ਮੈਂਬਰਾਂ ਨੇ ਪੱਤਰਕਾਰਾਂ ’ਤੇ ਵੱਧ ਰਹੇ ਜਬਰ ਅਤੇ ਸੁੰਗੜ ਰਹੀ ਪ੍ਰੈਸ ਦੀ ਆਜ਼ਾਦੀ ਖ਼ਿਲਾਫ਼ ਰੈਲੀ ਕੀਤੀ।
ਮੰਗਲਵਾਰ ਨੂੰ ਵਿਸ਼ਵ ਪ੍ਰੈਸ ਅਜ਼ਾਦੀ ਦਿਵਸ ਮੌਕੇ ਸਰੀ ਦੇ ਹੌਲੈਂਡ ਪਾਰਕ ਵਿੱਚ ਆਯੋਜਿਤ ਇਸ ਰੈਲੀ ਵਿੱਚ ਮੇਅਰ ਡੌਫ ਮੈਕਲਮ ਅਤੇ ਸਿਟੀ ਕੌਂਸਲਰ ਮਨਦੀਪ ਨਾਗਰਾ ਤੋਂ ਇਲਾਵਾ ਬੀਸੀ ਫੈਡਰੇਸ਼ਨ ਆਫ ਲੇਬਰ ਦੇ ਸਕੱਤਰ-ਖਜ਼ਾਨਚੀ ਸੁਜ਼ੈਨ ਸਕਿਡਮੋਰ ਨੇ ਸ਼ਿਰਕਤ ਕੀਤੀ। ਇਨ੍ਹਾਂ ਤਿੰਨਾਂ ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਪ੍ਰੈਸ ਦੀ ਆਜ਼ਾਦੀ 'ਤੇ ਹਮਲੇ ਦੀ ਸਖ਼ਤ ਨਿਖੇਧੀ ਕੀਤੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਦੋ ਸੰਸਦ ਮੈਂਬਰਾਂ - ਸੁੱਖ ਧਾਲੀਵਾਲ ਅਤੇ ਪਰਮ ਬੈਂਸ - ਵੱਲੋਂ ਮੀਡੀਆ ਨਾਲ ਇਕਮੁੱਠਤਾ ਦੇ ਵਿਸ਼ੇਸ਼ ਸੰਦੇਸ਼ ਵੀ ਪ੍ਰਬੰਧਕਾਂ ਦੁਆਰਾ ਪੜ੍ਹ ਕੇ ਸੁਣਾਏ ਗਏ।
ਸਮਾਗਮ ਦੀ ਸ਼ੁਰੂਆਤ ਕੈਨੇਡੀਅਨ ਰਾਸ਼ਟਰੀ ਗੀਤ ਨਾਲ ਹੋਈ ਅਤੇ ਉਨ੍ਹਾਂ ਪੱਤਰਕਾਰਾਂ ਲਈ ਇੱਕ ਪਲ ਦਾ ਮੌਨ ਧਾਰਿਆ, ਜਿਨ੍ਹਾਂ ਨੇ ਵਿਸ਼ਵ ਪੱਧਰ 'ਤੇ ਆਪਣੇ ਫਰਜ਼ ਨਿਭਾਉਂਦੇ ਹੋਏ ਆਪਣੀਆਂ ਜਾਨਾਂ ਵਾਰ ਦਿੱਤੀਆਂ।
ਰੈਲੀ ਵਿਚ ਹਿੱਸਾ ਲੈਣ ਵਾਲੇ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਭਾਰਤ ਪੱਤਰਕਾਰਾਂ ਲਈ ਅਸੁਰੱਖਿਅਤ ਹੁੰਦਾ ਜਾ ਰਿਹਾ ਹੈ।
ਬੁਲਾਰਿਆਂ ਨੇ ਭਾਰਤ ਵਿੱਚ ਜੇਲ੍ਹ ਵਿੱਚ ਬੰਦ ਪੱਤਰਕਾਰਾਂ ਦੀ ਰਿਹਾਈ ਅਤੇ ਅਧਿਕਾਰੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਦੁਆਰਾ ਮੀਡੀਆ ਕਰਮੀਆਂ ਨੂੰ ਸਰੀਰਕ ਅਤੇ ਮਾਨਸਿਕ ਪਰੇਸ਼ਾਨੀ ਨੂੰ ਰੋਕਣ ਦੀ ਮੰਗ ਵਿੱਚ ਇੱਕਮੁੱਠ ਸੀ। ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰੈਸ ਦੀ ਆਜ਼ਾਦੀ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਮੌਕੇ ਪੀਪੀਸੀਬੀਸੀ ਦੀ ਪ੍ਰਧਾਨ ਬਲਜਿੰਦਰ ਕੌਰ, ਸਾਬਕਾ ਪ੍ਰਧਾਨ ਗੁਰਵਿੰਦਰ ਸਿੰਘ ਧਾਲੀਵਾਲ ਅਤੇ ਜਰਨੈਲ ਸਿੰਘ ਆਰਟਿਸਟ, ਕਲੱਬ ਦੇ ਸਹਿ-ਸੰਸਥਾਪਕ ਗੁਰਪ੍ਰੀਤ ਸਿੰਘ ਸਹੋਤਾ, ਸਕੱਤਰ ਖੁਸ਼ਪਾਲ ਗਿੱਲ ਅਤੇ ਵੈਟਰਨ ਮੈਂਬਰ ਕੁਲਦੀਪ ਸਿੰਘ ਨੇ ਸੰਬੋਧਨ ਕੀਤਾ।