ਦਲਜੀਤ ਕੌਰ ਭਵਾਨੀਗੜ੍ਹ
ਮੌਂਟਰੀਅਲ/ ਭਵਾਨੀਗੜ੍ਹ, 19 ਮਾਰਚ 2022:
ਮੌਂਟਰੀਅਲ ਦੇ ਤਿੰਨ ਕਾਲਜਾਂ ਦੇ ਬੰਦ ਹੋਣ ਨਾਲ ਭਾਰਤ ਅਤੇ ਕੈਨੇਡਾ ਦੇ ਸੈਂਕੜੇ ਵਿਦਿਆਰਥੀਆਂ ਲਗਾਤਾਰ ਸੰਘਰਸ਼ ਦੇ ਰਾਹ ਪਏ ਹੋਏ ਹਨ। ਅੱਜ ਪ੍ਰੈੱਸ ਨਾਲ ਗੱਲਬਾਤ ਕਰਦਿਆਂ ‘ਮੌਂਟਰੀਅਲ ਯੂਥ-ਸਟੂਡੈਂਟ ਆਰਗੇਨਾਈਜੇਸ਼ਨ’ ਦੇ ਆਗੂ ਵਰੁਣ ਖੰਨਾ, ਹਰਿੰਦਰ ਸਿੰਘ ਅਤੇ ਮਨਜੋਤ ਸਿੰਘ ਨੇ ਕਿਹਾ ਕਿ ਬੀਤੀ 14 ਮਾਰਚ ਨੂੰ ਮੌਂਟਰੀਅਲ ਦੀ ਅਦਾਲਤ ਵੱਲੋਂ ਵਿਦਿਆਰਥੀਆਂ, ਤਿੰਨ ਕਾਲਜਾਂ ਦੇ ਪ੍ਰਬੰਧਕਾਂ (ਰਾਈਸਿੰਗ ਫੀਨਿਕਸ ਗਰੁੱਪ) ਅਤੇ ਦੋਹਾਂ ਧਿਰਾਂ ਦੀ ਦੇ ਵਕੀਲਾਂ ਦੀ ਮਾਣਯੋਗ ਜੱਜ ਨਾਲ ਵਰਚੂਅਲ ਸੁਣਵਾਈ ਹੋਈ। ਲੰਮੀ ਵਿਚਾਰ-ਚਰਚਾ ਵਿੱਚੋਂ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੇ ਹੱਕ ਵਿੱਚ ਕੁਝ ਫੈਸਲੇ ਸਾਹਮਣੇ ਆਏ ਹਨ:-
1. ਬੰਦ ਹੋਏ ਤਿੰਨ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਪੜ੍ਹਾਈ ਪੂਰੀ ਕਰਵਾਈ ਜਾਵੇਗੀ। ਪੜ੍ਹਾਈ ਮਾਰਚ ਦੇ ਅਖੀਰਲੇ ਹਫਤੇ ਸ਼ੁਰੂ ਹੋ ਜਾਵੇਗੀ।
2. ਕੈਨੇਡਾ ਦੇ ਇਹਨਾਂ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਸੀਏਕਿਊ (Quebec Acceptance Certificate) ਅਤੇ ਸਟੱਡੀ ਪਰਮਿਟ ਜਲਦ ਹੀ ਮਨਜ਼ੂਰ ਕਰ ਦਿੱਤੇ ਜਾਣਗੇ।
3. ਵਿਦਿਆਰਥੀਆਂ ਨੂੰ ਹਫਤੇ ਵਿੱਚ 20 ਘੰਟੇ ਕੰਮ ਕਰਨ ਦੀ ਪਾਬੰਧੀ ਖਤਮ ਕਰ ਦਿੱਤੀ ਗਈ ਹੈ।
4. ਭਾਰਤ ਵਿੱਚ ਜਿੰਨ੍ਹਾਂ ਵਿਦਿਆਰਥੀਆਂ (308) ਨੇ ਹਜ਼ਾਰਾਂ ਡਾਲਰ ਫੀਸ ਜਮ੍ਹਾ ਕਰਵਾਈ ਸੀ ਪਰ ਵੀਜਾ ਨਹੀਂ ਸੀ ਮਿਲਿਆ, ਉਹਨਾਂ ਨੂੰ ਪੂਰੀ ਫੀਸ ਵਾਪਸ ਮਿਲੇਗੀ।
ਆਗੂਆਂ ਨੇ ਦੱਸਿਆ ਕਿ ਇਸਤੋਂ ਬਿਨਾਂ ਭਾਰਤ ਵਿੱਚ ਰਹਿੰਦੇ 502 ਵਿਦਿਆਰਥੀਆਂ ਨੂੰ ਪੂਰੀ ਫੀਸ ਵਾਪਸ ਦੇਣ ਦੀ ਬਜਾਇ ਸਟੱਡੀ ਵੀਜਾ ਦੁਬਾਰਾ ਅਪਲਾਈ ਕਰਨ ਲਈ ਕਿਹਾ ਗਿਆ। ਪਰੰਤੂ ਇਹ 502 ਵਿਦਿਆਰਥੀ ਪੂਰੀ ਫੀਸ ਵਾਪਸੀ ਦੀ ਮੰਗ ਉੱਤੇ ਅੜੇ ਹੋਏ ਹਨ। ਇਸਦੀ ਅਗਲੀ ਸੁਣਵਾਈ ਮਾਰਚ ਮਹੀਨੇ ਦੇ ਅਖੀਰ ਤੇ ਹੋਵੇਗੀ। ਭਾਰਤ ਵਿੱਚ ਇਹ ਵਿਦਿਆਰਥੀ 24 ਮਾਰਚ ਨੂੰ ਜਲੰਧਰ ਵਿੱਚ ਵਿਸ਼ਾਲ ਵਿਰੋਧ ਪ੍ਰਦਰਸ਼ਨ ਕਰਨ ਜਾ ਰਹੇ ਹਨ।
ਆਗੂਆਂ ਨੇ ਦੱਸਿਆ ਕਿ ਇਸਦੇ ਨਾਲ ਹੀ ਕੈਨੇਡਾ ਦੀ ਵਿਦਿਆਰਥੀਆਂ ਦੀ ਜੱਥੇਬੰਦੀ ‘ਮੌਂਟਰੀਅਲ ਯੂਥ-ਸਟੂਡੈਂਟ ਆਰਗੇਨਾਈਜੇਸ਼ਨ’ ਵੱਲੋਂ ਭਾਰਤ ਦੇ 502 ਵਿਦਿਆਰਥੀਆਂ ਦੀ ਪੂਰੀ ਫੀਸ ਵਾਪਸੀ ਤੱਕ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਪਿਛਲੇ ਦਿਨੀਂ ਮੌਂਟਰੀਅਲ ਤੋਂ ਕਲਾਸਾਂ ਲਾ ਕੇ ਬਰੈਪਟਨ ਪਰਤ ਰਹੇ ਵਿਦਿਆਰਥੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਇਸਤੇ ਵਿਦਿਆਰਥੀ ਆਰਗੇਨਾਈਜੇਸ਼ਨ ਵੱਲੋਂ ਉਹਨਾਂ ਵਿਦਿਆਰਥੀਆਂ ਦੇ ਕਾਲਜ ਵਿੱਚ ਰੱਖੇ ਸੋਗ ਸਮਾਗਮ ਵਿੱਚ ਸ਼ਾਮਲ ਹੋਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਇਸੇ ਤਰਾਂ ਯੂਕਰੇਨ ਵਿੱਚ ਕੌਮਾਂਤਰੀ ਵਿਦਿਆਰਥੀ ਘੋਰ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਕੌਮਾਂਤਰੀ ਵਿਦਿਆਰਥੀਆਂ ਦਾ ਸੰਕਟ ਵਿਸ਼ਵਵਿਆਪੀ ਹੈ ਅਤੇ ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ਦੀ ਜੱਥੇਬੰਦੀ ਬਣਾਕੇ ਵਿਦਿਆਰਥੀ ਹੱਕਾਂ ਲਈ ਅਵਾਜ਼ ਉਠਾਉਣ ਦੀ ਜਰੂਰਤ ਹੈ।