ਨਵੀਂ ਦਿੱਲੀ/8 ਮਾਰਚ/ਦੇਸ਼ ਕਲਿਕ ਬਿਊਰੋ:
ਯੂਕਰੇਨ ਤੋਂ 200 ਭਾਰਤੀ ਵਿਦਿਆਰਥੀਆਂ ਨੂੰ ਇੱਕ ਵਿਸ਼ੇਸ਼ ਉਡਾਣ ਰੋਮਾਨੀਆ ਦੇ ਸੁਸੇਵਾ ਤੋਂ ਅੱਜ ਦਿੱਲੀ ਲੈ ਕੇ ਪਹੁੰਚੀ। ਅੱਜ ਸੁਸੇਵਾ ਤੋਂ ਇੱਕ ਹੋਰ ਫਲਾਈਟ ਆਵੇਗੀ। ਯੂਕਰੇਨ ਤੋਂ ਵਾਪਸ ਆਏ ਇੱਕ ਵਿਦਿਆਰਥੀ ਨੇ ਕਿਹਾ ਕਿ ਜਦੋਂ ਅਸੀਂ ਬੱਸ ਵਿੱਚ ਸਫ਼ਰ ਕਰ ਰਹੇ ਸੀ ਤਾਂ ਕੋਈ ਬੰਬ ਧਮਾਕਾ ਨਹੀਂ ਹੋਇਆ ਸੀ। ਸਰਕਾਰ ਅਤੇ ਦੂਤਾਵਾਸ ਨੇ ਸਾਡੀ ਬਹੁਤ ਮਦਦ ਕੀਤੀ, ਅਸੀਂ ਵਾਪਸ ਆ ਕੇ ਬਹੁਤ ਖੁਸ਼ ਹਾਂ। ਯੂਕਰੇਨ ਵਿੱਚ ਫਸੇ ਕਰੀਬ 20 ਹਜ਼ਾਰ ਭਾਰਤੀਆਂ ਵਿੱਚੋਂ 17,400 ਲੋਕਾਂ ਨੂੰ ਏਅਰਲਿਫਟ ਕਰਕੇ ਭਾਰਤ ਲਿਆਂਦਾ ਗਿਆ ਹੈ। ਯੂਕਰੇਨ ਦੇ ਗੁਆਂਢੀ ਮੁਲਕਾਂ ਤੋਂ ਭਾਰਤੀਆਂ ਨੂੰ ਲਿਆਉਣ ਦੇ ਮਿਸ਼ਨ ਨੂੰ ਆਪਰੇਸ਼ਨ ਗੰਗਾ ਦਾ ਨਾਂ ਦਿੱਤਾ ਗਿਆ ਹੈ। ਇਸ ਨਾਲ ਹੰਗਰੀ ਅਤੇ ਪੋਲੈਂਡ ਤੋਂ ਏਅਰਲਿਫਟ ਦਾ ਕੰਮ ਪੂਰਾ ਹੋ ਚੁੱਕਾ ਹੈ। ਓਪਰੇਸ਼ਨ ਗੰਗਾ ਵਿੱਚ ਭਾਰਤੀ ਹਵਾਈ ਸੈਨਾ ਨੇ ਵੀ ਹਿੱਸਾ ਲਿਆ। ਹਵਾਈ ਸੈਨਾ ਦੇ ਸੀ-17 ਗਲੋਬਮਾਸਟਰ ਦੀਆਂ 10 ਉਡਾਣਾਂ ‘ਚ 2056 ਯਾਤਰੀਆਂ ਨੂੰ ਵਾਪਸ ਲਿਆਂਦਾ ਗਿਆ।