ਨਵੀਂ ਦਿੱਲੀ/4 ਮਾਰਚ/ਦੇਸ਼ ਕਲਿਕ ਬਿਊਰੋ:
ਯੂਕਰੇਨ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਮੁਹਿੰਮ 'ਆਪ੍ਰੇਸ਼ਨ ਗੰਗਾ' ਤਹਿਤ ਅਗਲੇ 24 ਘੰਟਿਆਂ 'ਚ 18 ਜਹਾਜ਼ ਭਾਰਤੀਆਂ ਨੂੰ ਲੈ ਕੇ ਵਾਪਸ ਆਉਣਗੇ। ਅੱਜ ਸ਼ੁੱਕਰਵਾਰ ਨੂੰ 3,500 ਭਾਰਤੀਆਂ ਨੂੰ ਘਰ ਲਿਆਂਦਾ ਜਾਵੇਗਾ। ਇਸ ਦੇ ਨਾਲ ਹੀ ਸ਼ਨੀਵਾਰ ਨੂੰ 3,900 ਭਾਰਤੀਆਂ ਨੂੰ ਵਾਪਸ ਲਿਆਂਦਾ ਜਾਵੇਗਾ। ਰੋਮਾਨੀਆ ਤੋਂ ਭਾਰਤੀਆਂ ਨੂੰ ਲੈ ਕੇ ਦੋ ਫਲਾਈਟਾਂ ਅੱਜ ਸ਼ੁੱਕਰਵਾਰ ਤੜਕੇ ਅਤੇ ਫਿਰ ਸਵੇਰੇ ਮੁੰਬਈ ਪਹੁੰਚੀਆਂ। ਰੇਲ ਰਾਜ ਮੰਤਰੀ ਰਾਓਸਾਹਿਬ ਪਾਟਿਲ ਦਾਨਵੇ ਨੇ ਯਾਤਰੀਆਂ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਇਕ ਹੋਰ ਜਹਾਜ਼ ਦਿੱਲੀ 'ਚ ਉਤਰਿਆ। ਕੇਂਦਰੀ ਰਾਜ ਮੰਤਰੀ ਨਿਸ਼ਿਤ ਪ੍ਰਮਾਣਿਕ ਨੇ ਇੱਥੇ ਵਾਪਸ ਪਰਤੇ ਯਾਤਰੀਆਂ ਦਾ ਸਵਾਗਤ ਕੀਤਾ। ਭਾਰਤੀਆਂ ਨੂੰ ਰੂਸ ਰਾਹੀਂ ਵੀ ਵਾਪਸ ਲਿਆਂਦਾ ਜਾਵੇਗਾ। ਇਸ ਦੇ ਲਈ ਹਵਾਈ ਸੈਨਾ IL-76 ਜਹਾਜ਼ਾਂ ਦੀ ਵਰਤੋਂ ਕਰੇਗੀ। ਇਹ ਜਹਾਜ਼ ਸਾਨੂੰ ਰੂਸ ਤੋਂ ਹੀ ਮਿਲਿਆ ਹੈ।ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਇਨ੍ਹਾਂ 'ਚੋਂ 3 ਉਡਾਣਾਂ ਭਾਰਤੀ ਹਵਾਈ ਫੌਜ ਦੇ ਸੀ-17 ਗਲੋਬਮਾਸਟਰ ਦੀਆਂ ਹਨ, ਬਾਕੀਆਂ ਵਪਾਰਕ ਉਡਾਣਾਂ ਹਨ। ਇਨ੍ਹਾਂ ਵਿੱਚ ਏਅਰ ਇੰਡੀਆ, ਇੰਡੀਗੋ, ਸਪਾਈਸ ਜੈੱਟ, ਗੋ ਏਅਰ ਅਤੇ ਗੋ ਫਸਟ ਦੀਆਂ ਉਡਾਣਾਂ ਸ਼ਾਮਲ ਹਨ।ਪਿਛਲੇ 24 ਘੰਟਿਆਂ ਦੌਰਾਨ ਇਸ ਆਪਰੇਸ਼ਨ ਤਹਿਤ 15 ਉਡਾਣਾਂ ਵਿੱਚ 3000 ਭਾਰਤੀਆਂ ਨੂੰ ਘਰ ਲਿਆਂਦਾ ਗਿਆ ਹੈ।ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਕੱਢ ਕੇ ਭਾਰਤ ਸਰਕਾਰ 10 ਮਾਰਚ ਤੱਕ ਵਤਨ ਲਿਆਵੇਗੀ। ਇਸ ਲਈ ਕੁੱਲ 80 ਉਡਾਣਾਂ ਤਾਇਨਾਤ ਕੀਤੀਆਂ ਜਾਣਗੀਆਂ। ਕੇਂਦਰ ਸਰਕਾਰ ਦੇ 24 ਮੰਤਰੀਆਂ ਨੂੰ ਇਨ੍ਹਾਂ ਦੇ ਪ੍ਰਬੰਧਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ। ਹੰਗਰੀ ਦੀ ਰਾਜਧਾਨੀ ਬੁਡਾਪੇਸਟ ਤੋਂ ਕੁੱਲ 28 ਉਡਾਣਾਂ ਨੂੰ ਤਾਇਨਾਤ ਕੀਤਾ ਗਿਆ ਹੈ।