ਚੰਡੀਗੜ੍ਹ/ 27 ਫ਼ਰਵਰੀ/ ਦੇਸ਼ ਕਲਿਕ ਬਿਊਰੋ :
ਯੂਕਰੇਨ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਥਾਂ-ਥਾਂ ਗੱਡੀਆਂ ਰਾਹੀਂ ਪਹੁੰਚ ਕੇ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਅਤੇ ਵਰਤਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਟਰੇਨਾਂ 'ਚ ਵੀ ਯਾਤਰੀਆਂ ਨੂੰ ਖਾਣਾ ਖੁਆਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਜਿਵੇਂ ਹੀ ਯੂਕਰੇਨ ਵਿੱਚ ਯੁੱਧ ਸ਼ੁਰੂ ਹੋਇਆ ਤਾਂ ਲੋਕਾਂ ਨੇ ਬੈਂਕ ਖਾਤਿਆਂ ਵਿੱਚੋਂ ਆਪਣੇ ਪੈਸੇ ਕਢਵਾ ਲਏ ਅਤੇ ਸਟੋਰਾਂ ਵਿੱਚ ਜਾ ਕੇ ਥੋਕ ਵਿੱਚ ਰਾਸ਼ਨ ਖਰੀਦਿਆ ਅਤੇ ਆਪਣੇ ਘਰਾਂ ਵਿੱਚ ਸਟੋਰ ਕਰ ਲਿਆ ਤਾਂ ਜੋ ਲੜਾਈ ਦੌਰਾਨ ਨਾ ਤਾਂ ਉਹ ਘਰੋਂ ਬਾਹਰ ਨਿਕਲਣ ਅਤੇ ਨਾ ਹੀ ਘਰ ਦੇ ਅੰਦਰ ਰਹਿ ਕੇ ਖਾਣ-ਪੀਣ ਦੀ ਕੋਈ ਸਮੱਸਿਆ ਨਾ ਆਵੇ। ਪਰ ਲੋਕਾਂ ਦੀ ਇਸ ਬੇਰੁਖੀ ਕਾਰਨ ਉਥੋਂ ਦੇ ਸਟੋਰ ਖਾਲੀ ਹੋ ਗਏ ਹਨ।ਜਿਹੜੇ ਲੋਕ ਉਥੇ ਪੜ੍ਹਾਈ ਲਈ ਗਏ ਹਨ ਜਾਂ ਜਿਹੜੇ ਲੋਕ ਘਰੋਂ ਦੂਰ ਨੌਕਰੀ ਲਈ ਉਥੇ ਗਏ ਹਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਲ ਥਾਂ ਨਾ ਹੋਣ ਕਾਰਨ ਉਹ ਖਾਣ-ਪੀਣ ਦੀਆਂ ਵਸਤੂਆਂ ਨੂੰ ਸਟੋਰ ਕਰਨ ਤੋਂ ਅਸਮਰੱਥ ਹਨ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਸਰਕਾਰ ਵੀ ਉੱਥੇ ਫਸੇ ਲੋਕਾਂ ਨੂੰ ਕੱਢਣ ਦੇ ਯਤਨਾਂ 'ਚ ਲੱਗੀ ਹੋਈ ਹੈ। ਅਜਿਹੇ 'ਚ ਸਿੱਖਾਂ ਦੇ ਇਸ ਉਪਰਾਲੇ ਨਾਲ ਉਥੇ ਰਹਿੰਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।