ਓਟਾਵਾ/12 ਫ਼ਰਵਰੀ/ਦੇਸ਼ ਕਲਿਕ ਬਿਊਰੋ:
ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਸ ਟਰੂਡੋ ਵੱਲੋਂ ਪ੍ਰਦਰਸ਼ਨਕਾਰੀ ਟਰੱਕਰਾਂ ਨੂੰ ਘਰ ਜਾਣ ਲਈ ਧਮਕੀਨੁਮਾ ਅਪੀਲ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਇਹ ਗੈਰਕਨੂੰਨੀ ਕਾਰਵਾਈ ਖਤਮ ਹੋਣੀ ਚਾਹੀਦੀ ਹੈ ਤੇ ਇਹ ਖਤਮ ਹੋ ਕੇ ਰਹੇਗੀ। ਉਨ੍ਹਾਂ ਉਮੀਦ ਜਤਾਈ ਕਿ ਲੋਕ ਘਰ ਜਾਣ ਦਾ ਫੈਸਲਾ ਲੈਣਗੇ ਨਹੀਂ ਤਾਂ ਪੁਲਿਸ ਦੁਆਰਾ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਕੈਨੇਡਾ 'ਚ 50 ਹਜ਼ਾਰ ਤੋਂ ਵਧ ਟਰੱਕ ਡਰਾਈਵਰ ਕਰੋਨਾ ਵੈਕਸੀਨ ਨੂੰ ਲਾਜ਼ਮੀ ਕਰਨ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਤੇ ਉਹ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਪੁਲਿਸ ਪ੍ਰਦਰਸ਼ਨਕਾਰੀਆਂ ਖਿਲਾਫ਼ ਕਾਰਵਾਈ ਕਰਨ ਦੀ ਤਿਆਰੀ ‘ਚ ਹੈ। ਇਹ ਸਭ ਗੈਰ ਕਨੂੰਨੀ ਹੈ ਤੇ ਇਹ ਸਭ ਬੰਦ ਕਰ ਦੇਣਾ ਚਾਹੀਦਾ ਹੈ।ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜ਼ੋਰ ਦੇ ਕੇ ਕਿਹਾ ਕਿ ਫੈਡਰਲ ਸਰਕਾਰ ਅਜਿਹੇ ਕਾਰਕੁਨਾਂ ਅੱਗੇ ਨਹੀਂ ਝੁਕੇਗੀ ਜੋ ਆਰਥਿਕਤਾ ਨੂੰ ਬੰਧਕ ਬਣਾ ਲੈਂਦੇ ਹਨ ਅਤੇ ਦੇਸ਼ ਦੀ ਰਾਜਧਾਨੀ ਵਿੱਚ ਜੀਵਨ ਨੂੰ ਠੱਪ ਕਰ ਦਿੰਦੇ ਹਨ। ਟਰੂਡੋ ਨੇ ਚੇਤਾਵਨੀ ਦਿੱਤੀ ਕਿ ਅਪਰਾਧਿਕ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਜਿਸ ਨਾਲ ਪ੍ਰਦਰਸ਼ਨਕਾਰੀਆਂ ਨੂੰ ਮੁੜ ਅੰਤਰਰਾਸ਼ਟਰੀ ਯਾਤਰਾ ਕਰਨ ਤੋਂ ਰੋਕਿਆ ਜਾਵੇਗਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨਾਲ ਫੋਨ 'ਤੇ ਗੱਲ ਕੀਤੀ। ਉਨ੍ਹਾਂ ਨੇ ਵਿੰਡਸਰ ਦੇ ਅੰਬੈਸਡਰ ਬ੍ਰਿਜ 'ਤੇ ਬੰਦ ਬਾਰੇ ਵਿਸ਼ੇਸ਼ ਤੌਰ 'ਤੇ ਚਰਚਾ ਕੀਤੀ।