ਚੰਡੀਗੜ੍ਹ/29 ਜਨਵਰੀ/ਦੇਸ਼ ਕਲਿਕ ਬਿਊਰੋ:
ਦੋ ਹਫ਼ਤੇ ਪਹਿਲਾਂ ਕਰਤਾਰਪੁਰ ਸਾਹਿਬ ਵਿਖੇ ਭਾਰਤ-ਪਾਕਿਸਤਾਨ ਵੰਡ ਵੇਲੇ 74 ਸਾਲ ਪਹਿਲਾਂ ਵਿਛੜਨ ਵਾਲੇ ਦੋ ਸਕੇ ਭਰਾਵਾਂ ਦਾ ਦਰਦ ਸਭ ਨੇ ਦੇਖਿਆ ਸੀ। ਦੋਵੇਂ ਇੰਨੇ ਰੋਏ ਸਨ ਕਿ ਉੱਥੇ ਮੌਜੂਦ ਲੋਕਾਂ ਦੀਆਂ ਵੀ ਅੱਖਾਂ ਨਮ ਹੋ ਗਈਆਂ ਸਨ। ਪਾਕਿਸਤਾਨ ਦੇ ਫੈਸਲਾਬਾਦ ਵਿੱਚ ਰਹਿਣ ਵਾਲੇ ਮੁਹੰਮਦ ਸਦੀਕ ਅਤੇ ਭਾਰਤ ਵਿੱਚ ਰਹਿ ਰਹੇ ਮੁਹੰਮਦ ਹਬੀਬ ਉਰਫ਼ ਸਿੱਕਾ ਖਾਨ ਦਾ ਦਰਦ ਹੁਣ ਪਾਕਿਸਤਾਨੀ ਹਾਈ ਕਮਿਸ਼ਨ ਵੀ ਸਮਝ ਗਿਆ ਹੈ। ਪਾਕਿਸਤਾਨ ਸਰਕਾਰ ਨੇ ਸਿੱਕਾ ਖਾਨ ਨੂੰ ਪਾਕਿਸਤਾਨ ਆਉਣ ਦਾ ਵੀਜ਼ਾ ਦਿੱਤਾ ਹੈ।ਸੋਸ਼ਲ ਮੀਡੀਆ ਦੋਵਾਂ ਭਰਾਵਾਂ ਦੇ ਮੇਲ ਦਾ ਜ਼ਰੀਆ ਬਣ ਗਿਆ। ਦੋਵਾਂ ਦੀ ਮੁਲਾਕਾਤ ਦੋ ਹਫ਼ਤੇ ਪਹਿਲਾਂ ਕਰਤਾਰਪੁਰ ਸਾਹਿਬ ਵਿਖੇ ਹੋਈ ਸੀ। ਪਹਿਲਾਂ ਤਾਂ ਦੋਵੇਂ ਜੱਫੀ ਪਾ ਕੇ ਰੋਏ, ਫਿਰ ਇੱਕ ਦੂਜੇ ਦੇ ਹੰਝੂ ਪੂੰਝੇ। ਸਿੱਕਾ ਖਾਨ ਨੇ ਆਪਣੇ ਪਾਕਿਸਤਾਨੀ ਭਰਾ ਸਦੀਕ ਨੂੰ ਕਿਹਾ ਸੀ ਕਿ ਚੁੱਪ ਕਰ ਜਾ, ਸ਼ੁਕਰ ਹੈ ਮਿਲ ਤਾਂ ਲਏ... ਸਿੱਕਾ ਨੇ ਭਰਾ ਨੂੰ ਇਹ ਵੀ ਦੱਸਿਆ ਕਿ ਉਸ ਨੇ ਆਪਣੀ ਸਾਰੀ ਜ਼ਿੰਦਗੀ ਮਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤੀ। ਮਾਂ ਦੀ ਸੇਵਾ ਕਰਕੇ ਵਿਆਹ ਵੀ ਨਹੀਂ ਕਰਵਾਇਆ। ਸੋਸ਼ਲ ਮੀਡੀਆ 'ਤੇ ਦੋਵਾਂ ਭਰਾਵਾਂ ਦਾ ਦਰਦ ਪੂਰੀ ਦੁਨੀਆ ਨੇ ਦੇਖਿਆ। ਅੱਜ ਵੀ ਜੇਕਰ ਕੋਈ ਇਹਨਾਂ ਦੋਹਾਂ ਭਰਾਵਾਂ ਦੀ ਵੀਡੀਓ ਖੋਲਦਾ ਹੈ ਤਾਂ ਸਰੀਰ ਵਿੱਚ ਕਰੰਟ ਦੌੜ ਜਾਂਦਾ ਹੈ।