ਨਵੀਂ ਦਿੱਲੀ/ 28 ਜਨਵਰੀ/ ਦੇਸ਼ ਕਲਿਕ ਬਿਊਰੋ:
ਅਮਰੀਕਾ-ਕੈਨੇਡਾ ਸਰਹੱਦ 'ਤੇ ਠੰਡ ਨਾਲ ਮਰਨ ਵਾਲੇ ਚਾਰ ਭਾਰਤੀਆਂ ਦੀ ਪਹਿਚਾਣ ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ ਸਾਰੇ ਇਕ ਹੀ ਪਰਿਵਾਰ ਦੇ ਮੈਂਬਰ ਸਨ, ਜਿਨ੍ਹਾਂ ਦੀ ਮੌਤ ਕੈਨੇਡਾ-ਅਮਰੀਕਾ ਸਰਹੱਦ ਤੋਂ ਕਰੀਬ 12 ਮੀਟਰ ਦੂਰ ਮੈਨੀਟੋਬਾ ਦੇ ਐਮਰਸਨ ਨੇੜੇ 19 ਜਨਵਰੀ ਨੂੰ ਹੋਈ ਸੀ। ਮ੍ਰਿਤਕਾਂ ਦੀ ਪਛਾਣ ਜਗਦੀਸ਼ ਬਲਦੇਵਭਾਈ ਪਟੇਲ (39), ਵੈਸ਼ਾਲੀਬੇਨ ਜਗਦੀਸ਼ ਕੁਮਾਰ ਪਟੇਲ (37), ਵਿਹੰਗੀ ਜਗਦੀਸ਼ ਕੁਮਾਰ ਪਟੇਲ (11) ਅਤੇ ਧਾਰਮਿਕ ਜਗਦੀਸ਼ ਕੁਮਾਰ ਪਟੇਲ (3) ਵਜੋਂ ਹੋਈ ਹੈ। ਮ੍ਰਿਤਕ ਭਾਰਤ ਦੇ ਗੁਜਰਾਤ ਸੂਬੇ ਦੇ ਰਹਿਣ ਵਾਲੇ ਸਨ। ਕੈਨੇਡੀਅਨ ਅਧਿਕਾਰੀਆਂ ਨੇ ਦੱਸਿਆ ਕਿ ਪਰਿਵਾਰ ਪਿਛਲੇ ਕੁਝ ਸਮੇਂ ਤੋਂ ਕਨੇਡਾ ਵਿਚ ਸੀ ਅਤੇ ਉਨ੍ਹਾਂ ਨੂੰ ਇਕ ਵਾਹਨ ਵਿਚ ਸਰਹੱਦ 'ਤੇ ਲਿਜਾਇਆ ਗਿਆ ਸੀ। ਇਹ ਮਨੁੱਖੀ ਤਸਕਰੀ ਦਾ ਮਾਮਲਾ ਜਾਪਦਾ ਹੈ। ਕੈਨੇਡੀਅਨ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਅਤੇ 26 ਜਨਵਰੀ ਨੂੰ ਲਾਸ਼ਾਂ ਦਾ ਪੋਸਟਮਾਰਟਮ ਪੂਰਾ ਕੀਤਾ ਗਿਆ।ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਮੈਨੀਟੋਬਾ ਦੇ ਚੀਫ਼ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਮੌਤ ਠੰਢ ਕਾਰਨ ਹੋਈ ਹੈ।ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਈ ਕਮਿਸ਼ਨ ਪੀੜਤਾਂ ਦੇ ਪਰਿਵਾਰਾਂ ਅਤੇ ਦੋਸਤਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੈ। ਆਰਸੀਐਮਪੀ ਨੇ ਪੁਸ਼ਟੀ ਕੀਤੀ ਹੈ ਕਿ ਪਟੇਲ ਪਰਿਵਾਰ 12 ਜਨਵਰੀ, 2022 ਨੂੰ ਟੋਰਾਂਟੋ ਅਤੇ ਉਥੋਂ 18 ਜਨਵਰੀ ਦੇ ਆਸਪਾਸ ਐਮਰਸਨ ਪਹੁੰਚਿਆ ਸੀ।