ਨਵੀਂ ਦਿੱਲੀ, 19 ਜੂਨ :
ਦੇਸ਼ ਵਿਚ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਲਾਕਡਾਊਨ ਕੀਤਾ ਗਿਆ। ਅਚਾਨਕ ਸਰਕਾਰ ਵੱਲੋਂ ਲਏ ਗਏ ਫੈਸਲੇ ਨਾਲ ਮਜ਼ਦੂਰਾਂ, ਗਰੀਬ ਲੋਕਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈਆਂ ਮਜ਼ਦੂਰਾਂ ਦੀ ਘਰਾਂ ਨੂੰ ਵਾਪਸੀ ਸਮੇਂ ਸੜਕਾਂ ਉਤੇ ਜਾਨ ਵੀ ਚੱਲੀ ਗਈ। ਲੋਕਾਂ ਨੂੰ ਭੁੱਖੇ ਰਹਿਣਾ ਪਿਆ। ਇਸ ਸਬੰਧੀ ਮੀਡੀਆ ਵੱਲੋਂ ਸ਼ਾਸਨ ਤੇ ਪ੍ਰਸ਼ਾਸਨ ਦੀਆਂ ਕਮੀਆਂ ਨੂੰ ਉਜਾਗਰ ਕੀਤਾ ਗਿਆ। ਯੂਪੀ ਵਿਚ ਇਕ ਪੱਤਰਕਾਰ ਵੱਲੋਂ ਲੋਕਾਂ ਦੇ ਭੁੱਖੇ ਰਹਿਣ ਬਾਰੇ ਲਗਾਈ ਗਈ ਖਬਰ ਨੂੰ ਲੈ ਕੇ ਪੁਲਿਸ ਕੇਸ ਦਰਜ ਕੀਤਾ ਗਿਆ ਹੈ।
ਨਿਊਜ਼ ਵੈਬਸਾਈਟ ਲਈ ਕੰਮ ਕਰਨ ਵਾਲੀ ਦਿੱਲੀ ਦੀ ਇਕ ਸੀਨੀਅਰ ਪੱਤਰਕਾਰ ਉਤੇ ਪੂਰਬੀ ਉਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ ਵਿਚ ਕੇਸ ਦਰਜ ਕੀਤਾ ਗਿਆ। ਵੈਬਸਾਈਟ ‘ਸਕ੍ਰੋਲ’ ਦੀ ਸੰਪਾਦਕ ਸੁਪਰੀਆ ਸ਼ਰਮਾ ਨੇ ‘ਵਾਰਾਣਸੀ ਦੇ ਜਿਸ ਪਿੰਡ ਨੂੰ ਪੀਐਮ ਮੋਦੀ ਨੇ ਗੋਦ ਲਿਆ ਸੀ ਉਥੋਂ ਦੇ ਲੋਕ ਲਾਕਡਾਊਨ ਵਿਚ ਭੁੱਖੇ’ ਹੈਡਿੰਗ ਹੇਠ ਖਬਰ ਲਗਾਈ ਸੀ।
ਇਸ ਖਬਰ ਨੂੰ ਲੈ ਕੇ ‘ਸਕ੍ਰੋਲ’ ਦੀ ਸੰਪਾਦਕ ਸ਼ਰਮਾ ਉਤੇ ਮਾਨਹਾਨੀ ਦਾ ਦੋਸ਼ ਲਗਾਇਆ ਹੈ। ਵਾਰਾਣਸੀ ਦੇ ਡੋਮਰੀ ਪਿੰਡ ਵਾਸੀ ਮਾਲਾ ਦੇਵੀ ਵੱਲੋਂ ਕੀਤੀ ਗਈ ਸ਼ਿਕਾਇਤ ਉਤੇ ਥਾਣਾ ਰਾਮਨਗਰ ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਡੋਮਰੀ ਪਿੰਡ ਨੂੰ ਪ੍ਰਧਾਨ ਮੰਤਰੀ ਨੇ ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਗੋਦ ਲਿਆ ਹੈ।
ਸੁਪਰੀਆ ਸ਼ਰਮਾ ਨੇ ਖਬਰ ਲਈ ਮਾਲਾ ਦੇਵੀ ਦੀ ਇਟਰਵਿਊ ਲਈ ਸੀ। ਖ਼ਬਰ ਵਿਚ ਕਿਹਾ ਗਿਆ ਸੀ ਕਿ ਮਾਲਾ ਦੇਵੀ ਨੇ ਦੱਸਿਆ ਕਿ ਉਹ ਇਕ ਘਰੇਲੂ ਕੰਮਕਾਰ ਕਰਨ ਵਾਲੀ ਹੈ ਅਤੇ ਉਸ ਕੋਲ ਰਾਸ਼ਨ ਕਾਰਡ ਨਾ ਹੋਣ ਕਾਰਨ ਲਾਕਡਾਊਨ ਦੌਰਾਨ ਉਨ੍ਹਾਂ ਨੂੰ ਰਾਸ਼ਨ ਦੀ ਸਮੱਸਿਆ ਪੈਦਾ ਹੋ ਗਈ। ਪੁਲਿਸ ਅਨੁਸਾਰ ਉਹ ਘਰੇਲੂ ਕੰਮਕਾਰ ਕਰਨ ਵਾਲੀ ਨਹੀਂ, ਸਗੋਂ ਉਹ ਆਊਟਸੋਰਸਿੰਗ ਰਾਹੀਂ ਵਾਰਾਣਸੀ ਨਗਰਪਾਲਿਕਾ ਵਿਚ ਸਵੱਛਤਾ ਵਰਕਰ ਵਜੋਂ ਕੰਮ ਕਰਦੀ ਸੀ ਅਤੇ ਲਾਕਡਾਊਨ ਦੌਰਾਨ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਵੀ ਸਮੱਸਿਆ ਨਹੀਂ ਹੋਈ।
ਮਾਲਾ ਦੇਵੀ ਨੇ ਦੋਸ਼ ਲਗਾਇਆ ਹੈ ਕਿ ਸੁਪਰੀਆ ਨੇ ਲਾਕਡਾਊਨ ਦੌਰਾਨ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਬੱਚਿਆਂ ਦੇ ਭੁੱਖੇ ਰਹਿਣ ਦੀ ਗੱਲ ਕਹਿਕੇ ਗਰੀਬੀ ਅਤੇ ਜਾਤੀ ਦਾ ਮਜ਼ਾਕ ਉਡਾਇਆ ਹੈ। ਰਾਮਨਗਰ ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਹੈ।
‘ਸਕ੍ਰੋਲ’ ਨੇ ਬਿਆਨ ਜਾਰੀ ਕਰਕੇ ਕਿਹਾ ਕਿ ‘scroll.in’ ਨੇ ਉਤਰ ਪ੍ਰਦੇਸ਼ ਦੇ ਵਾਰਾਣਸੀ ਸਥਿਤ ਡੋਮਰੀ ਵਿਚ 5 ਜੂਨ 2020 ਨੂੰ ਮਾਲਾ ਦਾ ਇਟਰਵਿਊ ਲਿਆ ਸੀ। ਉਨ੍ਹਾਂ ਜੋ ਕੁਝ ਵੀ ਬਿਆਨ ਦਿੱਤਾ, ਉਹ ਅਸੀਂ ਆਪਣੇ ਲੇਖ ਵਿਚ ਲਿਖਿਆ ਹੈ। ਇਸ ਲੇਖ ਦਾ ਹੈਡਿੰਗ ਸੀ ‘ਪ੍ਰਧਾਨ ਮੰਤਰੀ ਮੋਦੀ ਦੇ ਵਾਰਾਣਸੀ ਸਥਿਤ ਗੋਦ ਲਏ ਪਿੰਡ ਵਿਚ ਲਾਕਡਾਊਨ ਦੌਰਾਨ ਲੋਕ ਭੁੱਖੇ।’ ਸਕ੍ਰੋਲ ਨੇ ਕਿਹਾ ਕਿ ਉਹ ਇਸ ਲੇਖ ਨਾਲ ਖੜ੍ਹਾ ਹੈ।