ਚੰਡੀਗੜ੍ਹ, 04 ਮਈ :
ਲੁਧਿਆਣਾ ਤੋਂ ਕੈਨੇਡਾ ਗਏ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਗਈ। ਹਲਕਾ ਸਮਰਾਲਾ ਦੇ ਪਿੰਡ ਕੋਟਲਾ ਦਾ ਰਹਿਣ ਵਾਲਾ ਉਜਾਗਰ ਸਿੰਘ 10 ਸਾਲ ਪਹਿਲਾਂ ਕੈਨੇਡਾ ਗਿਆ ਸੀ। ਉਹ ਕੈਨੇਡਾ ਦੇ ਓਂਟਾਰੀਓ ਸ਼ਹਿਰ ਬਰੈਂਪਟਨ 'ਚ ਪਰਿਵਾਰ ਸਮੇਤ ਰਹਿੰਦਾ ਸੀ। ਕੁਝ ਦਿਨ ਪਹਿਲਾਂ ਉਹ ਕੈਨੇਡਾ 'ਚ ਵੀ ਫੈਲੀ ਇਸ ਮਹਾਂਮਾਰੀ ਦੀ ਚਪੇਟ 'ਚ ਆ ਗਿਆ ਅਤੇ ਹਾਲਤ ਵਿਗੜਨ 'ਤੇ ਉਨ੍ਹਾਂ ਨੂੰ ਮਿਸੀਸਾਗਾ ਦੇ ਇਕ ਹਸਪਤਾਲ 'ਚ ਦਾਖਲ ਕੀਤਾ ਗਿਆ। ਜਿੱਥੇ ਉਸਦੇ ਕੋਰੋਨਾ ਸੰਬੰਧੀ ਟੈਸਟ ਲਏ ਗਏ ਉਸਦੀ ਰਿਪੋਰਟ ਪੋਜ਼ੀਟਿਵ ਪਾਈ ਗਈ।
ਮਿਸੀਸਾਗਾ ਦੇ ਕਰੈਡਿਟ ਵੈਲੀ ਹਸਪਤਾਲ 'ਚ 8 ਦਿਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਹੋਏ ਆਖਰ ਹਾਰ ਗਏ ਅਤੇ ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ। ਸੋਮਵਾਰ ਨੂੰ ਮ੍ਰਿਤਕ ਦੇ ਦੋਸਤ ਹਰਜੀਤ ਸਿੰਘ ਨੇ ਫੋਨ 'ਤੇ ਉਜਾਗਰ ਸਿੰਘ ਦੇ ਪਿੰਡ ਰਹਿੰਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ। ਕੈਨੇਡਾ 'ਚ ਉਨ੍ਹਾਂ ਦੇ ਪਰਿਵਾਰ 'ਚ ਪਤਨੀ, ਦੋ ਪੁੱਤਰ ਅਤੇ ਇਕ ਪੁੱਤਰੀ ਹੈ ਅਤੇ ਹੁਣ ਇਨ੍ਹਾਂ ਸਾਰਿਆਂ ਨੂੰ ਘਰ 'ਚ ਹੀ ਆਇਸੋਲੇਸ਼ਨ ਕੀਤਾ ਗਿਆ ਹੈ। ਇਹ ਖਬਰ ਮਿਲਣ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ।(ਹਿੰ.ਸ.)