ਚੰਦਰਪਾਲ ਅੱਤਰੀ, ਲਾਲੜੂ
ਭਾਰਤ ਸਮੇਤ ਸਮੁੱਚੀ ਦੁਨੀਆ ਵਿੱਚ ਕਰੋਨਾਵਾਇਰਸ ਨਾਮ ਦੀ ਬਿਮਾਰੀ ,ਜਿਸ ਨੂੰ ਵਿਸ਼ਵ ਸਿਹਤ ਸੰਸਥਾ ਨੇ ਕੋਵਿਡ-19 ਦਾ ਨਾਮ ਦਿੱਤਾ ਹੈ , ਦਾ ਕਹਿਰ ਜਾਰੀ ਹੈ। ਖੁਦ ਨੂੰ ਸਰਵੋਤਮ ਮੰਨਣ ਵਾਲੇ ਪੂਜੀਵਾਦੀ ਦੇਸ਼ਾਂ ਦੀ ਤਾਂ ਇਸ ਬਿਮਾਰੀ ਨੇ ਗੋਡਣੀਆਂ ਹੀ ਲੁਆ ਦਿੱਤੀਆਂ ਹਨ। ਕੋਈ ਵੀ ਇਹ ਸਪੱਸ਼ਟ ਨਹੀਂ ਆਖ ਸਕਦਾ ਕਿ ਇਸ ਬਿਮਾਰੀ ਦਾ ਪ੍ਰਕੋਪ ਕਦੋਂ ਤੱਕ ਜਾਰੀ ਰਹੇਗਾ ਪਰ ਹਾਲ ਦੀ ਘੜੀ ਇਸ ਬਿਮਾਰੀ ਨੇ ਲੋਕਾਂ ਨੂੰ ਸਰੀਰਕ, ਮਾਨਸਿਕ ਤੇ ਆਰਥਿਕ ਤੌਰ ਉੱਤੇ ਬਹੁਤ ਬੁਰੀ ਤਰ੍ਹਾਂ ਝੰਬ ਸੁੱਟਿਆ ਹੈ।
ਚੀਨ ਦੇ ਸੂਬੇ ਵੁਹਾਨ ਵਿੱਚ ਦਸੰਬਰ 2019 ਅਤੇ ਭਾਰਤ ਦੇ ਕੇਰਲ ਸੂਬੇ ਵਿੱਚ ਜਨਵਰੀ 2020 ਵਿੱਚ ਸਾਹਮਣੇ ਆਏ ਇਸ ਵਾਇਰਸ ਦੀ ਪੈਦਾਇਸ਼ ਬਾਰੇ ਅਜੇ ਕੁੱਝ ਵੀ ਸਪੱਸ਼ਟ ਨਹੀਂ । ਮੈਡੀਕਲ ਖੇਤਰ ਨਾਲ ਜੁੜੇ ਪੇਸ਼ੇਵਰ ਵੀ ਅਜੇ ਇਸ ਦੀ ਅਸਲੀਅਤ ਬਾਰੇ ਹਨੇਰੇ ਵਿੱਚ ਹੀ ਹਨ। ਵਿਸ਼ਵ ਸਿਹਤ ਸੰਸਥਾ ਵੱਲੋਂ ਇਸ ਵਾਇਰਸ ਨੂੰ ਕੋਵਿਡ-19 ਦਾ ਨਾਂ ਦਿੱਤਾ ਗਿਆ ਹੈ। ਅੰਗਰੇਜ਼ੀ ਦੇ ਅੱਖਰ COVID-19 ਮੁਤਾਬਕ ਇਸ ਦਾ ਪੂਰਾ ਨਾਮ "ਕੋਰੋਨਾ ਵਾਇਰਸ ਡਿਸੀਜ ਹੈ ਜਦਕਿ ਪਿੱਛੇ ਲੱਗਿਆ 19 ਇਸ ਵਾਇਰਸ ਦੇ ਸਾਹਮਣੇ ਆਉਣ ਦੇ ਸਾਲ ਬਾਰੇ ਦੱਸਦਾ ਹੈ। ਸਿਹਤ ਮਾਹਰਾਂ ਵੱਲੋਂ ਇਸ ਵਾਇਰਸ ਨੂੰ ਰੋਕਣ ਦਾ ਇੱਕੋ-ਇੱਕ ਹੱਲ ਲਾਕਡਾਊਨ(ਸਾਰੇ ਗੈਰ ਜ਼ਰੂਰੀ ਕੰਮ ਰੋਕ ਦੇਣਾ) ਦੱਸਿਆ ਗਿਆ ਹੈ। ਇਨ੍ਹਾਂ ਮਾਹਰਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਵੀ ਦੇਸ਼ਾਂ ਨੇ ਸਹੀ ਸਮੇਂ ਉਤੇ ਲਾਕਡਾਊਨ ਕੀਤਾ ਤੇ ਉਸ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ,ਉਹ ਦੇਸ਼ ਕਾਫੀ ਹੱਦ ਤੱਕ ਵੱਡੇ ਜਾਨੀ ਨੁਕਸਾਨ ਤੋਂ ਬਚ ਗਏ।
ਸਿਹਤ ਮਾਹਰਾਂ ਅਨੁਸਾਰ ਇਹ ਵਾਇਰਸ ਉਨ੍ਹਾਂ ਵਿਅਕਤੀਆਂ ਨੂੰ ਵਧੇਰੇ ਨਿਸ਼ਾਨਾ ਬਣਾਉਂਦਾ ਹੈ,ਜਿਨ੍ਹਾਂ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਕਮਜ਼ੋਰ ਹੈ। ਸ਼ਾਇਦ ਇਸ ਕਾਰਨ ਹੀ ਇਸ ਬਿਮਾਰੀ ਨਾਲ ਮਰਨ ਵਾਲੇ ਜ਼ਿਆਦਾਤਰ ਲੋਕ 60 ਸਾਲ ਤੋਂ ਉਪਰ ਵਾਲੇ ਹਨ। ਭਾਰਤ ਇਸ ਬਿਮਾਰੀ ਨੂੰ ਇਸ ਦੇ ਤੀਜੇ ਦੌਰ ਵਿੱਚ ਜਾਣ ਤੋਂ ਰੋਕਣ ਲਈ ਯਤਨਸ਼ੀਲ ਹੈ। ਇਸੇ ਸੰਦਰਭ ਵਿੱਚ ਭਾਰਤ ਨੇ 24 ਮਾਰਚ ਤੋ ਲਾਕਡਾਊਨ ਕੀਤਾ ਹੋਇਆ ਹੈ, ਜਦਕਿ ਪੰਜਾਬ ਵਿੱਚ ਤਾਂ 22 ਮਾਰਚ ਤੋਂ ਹੀ ਕਰਫਿਊ ਲਾਗੂ ਹੈ। ਭਾਵੇਂ ਇਸ ਵਾਇਰਸ ਵਿੱਚ ਮੌਤ ਦਰ ਕਾਫੀ ਘੱਟ ਦੋ ਜਾਂ ਤਿੰਨ ਫੀਸਦੀ ਹੈ, ਪਰ ਵਾਇਰਸ ਦੇ ਤੇਜ਼ੀ ਨਾਲ ਫੈਲਾਅ ਤੇ ਸਹਿਮ ਨੇ ਸਾਨੂੰ ਅਜੋਕੇ ਸਮੇ ਵਿੱਚ ਸਮਾਜਵਾਦੀ ਵਿਵਸਥਾ ਦੀ ਜ਼ਰੂਰਤ ਅਤੇ ਮਨੁੱਖ ਦੀ ਮਨੋਦਸ਼ਾ ਵਿੱਚ ਆਈ ਤਬਦੀਲੀ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਦੁਨੀਆ ਮੁੱਢ ਤੋ ਹੀ ਦੋ ਗੁੱਟਾਂ ਸਮਾਜਵਾਦੀ ਤੇ ਸ਼ਰਮਾਏਦਾਰੀ ਵਿੱਚ ਵੰਡੀ ਹੋਈ ਹੈ। ਭਾਰਤ ਦੇ ਆਜ਼ਾਦ ਹੋਣ ਉਪਰੰਤ ਅਸੀਂ ਸਮਾਜਵਾਦੀ ਵਿਵਸਥਾ ਨੂੰ ਹੀ ਅਪਣਾਇਆ ਸੀ, ਜਿਸ ਦਾ ਉਦੇਸ਼ ਸਿੱਖਿਆ, ਸਿਹਤ ਤੇ ਮੁਢਲੇ ਢਾਂਚੇ ਨੂੰ ਮਜਬੂਤ ਕਰਨਾ ਸੀ। ਆਜ਼ਾਦੀ ਦੇ ਬਾਅਦ ਦੇ ਸ਼ੁਰੂਆਤੀ ਸਾਲਾਂ ਵਿੱਚ ਇਸ ਦਿਸ਼ਾ ਵਿਚ ਕਾਫੀ ਕੰਮ ਹੋਇਆ ਪਰ ਸੋਵੀਅਤ ਸੰਘ ਦੇ ਕਮਜ਼ੋਰ ਹੋਣ ਉਪਰੰਤ ਸ਼ਰਮਾਏਦਾਰੀ ਵਿਵਸਥਾ ਦੀ ਅਗਵਾਈ ਕਰਨ ਵਾਲੇ ਦੇਸ਼ਾਂ ਦੇ ਆਗੂਆਂ ਨੇ ਸਾਡੇ ਕੁੱਝ ਆਗੂਆਂ ਨੂੰ ਅਜਿਹਾ ਭਰਮਾਇਆ ਕਿ ਅਸੀਂ 1991ਵਾਲੀ ਨਵ -ਉਦਾਰਵਾਦੀ ਆਰਥਿਕ ਨੀਤੀ ਜੋ ਨਿੱਜੀਕਰਨ ਨੂੰ ਹੱਲਾਸ਼ੇਰੀ ਦਿੰਦੀ ਸੀ, ਨੂੰ ਲਿਆ ਕੇ ਉਨ੍ਹਾਂ ਸ਼ਰਮਾਏਦਾਰੀ ਵਿਵਸਥਾ ਵਾਲੇ ਦੇਸ਼ਾਂ ਅੱਗੇ ਲਿਫ ਗਏ । ਇਸ ਉਪਰੰਤ ਸਾਡੇ ਹੁਕਮਰਾਨਾਂ ਨੇ ਭਾਵੇਂ ਦੇਸ਼ ਵਿੱਚ ਕਾਫੀ ਤਰੱਕੀ ਹੋਣ ਦਾ ਦਾਅਵਾ ਕੀਤਾ ਪਰ ਸਰਕਾਰੀ ਹਸਪਤਾਲਾਂ, ਸਰਕਾਰੀ ਸਕੂਲਾਂ, ਸਰਕਾਰੀ ਯੂਨੀਵਰਸਿਟੀਆਂ, ਸਰਕਾਰੀ ਮਹਿਕਮਿਆਂ ਦੀ ਨਿਘਰਦੀ ਹਾਲਤ ਨੇ ਇਨ੍ਹਾਂ ਦਾਅਵਿਆਂ ਬਾਰੇ ਆਮ ਲੋਕਾਂ ਪੱਲੇ ਨਿਰਾਸ਼ਾ ਹੀ ਪਾਈ । ਇਸ ਸਮੇਂ ਦੌਰਾਨ ਬਹੁਤ ਵੱਡੇ ਨਿੱਜੀ ਹਸਪਤਾਲ-ਸਕੂਲ-ਯੂਨੀਵਰਸਿਟੀਆਂ ਦੀ ਸਥਾਪਨਾ ਹੋਈ ਪਰ ਅੱਜ ਇਸ ਕਰੋਨਾਵਾਇਰਸ ਵਾਲੀ ਦੁੱਖ ਦੀ ਘੜੀ ਵਿੱਚ ਇਹ ਸੰਸਥਾਵਾਂ ਬਿਲਕੁਲ ਵੀ ਕੰਮ ਨਹੀਂ ਆਈਆਂ। ਨਾ ਕੋਈ ਨਿੱਜੀ ਹਸਪਤਾਲ ਸੇਵਾ ਲਈ ਖੁੱਲ੍ਹ ਕੇ ਸਾਹਮਣੇ ਆਇਆ ਤੇ ਨਾ ਹੀ ਕੋਈ ਨਿੱਜੀ ਸਕੂਲ ਜਾਂ ਯੂਨੀਵਰਸਿਟੀ ਆਈਸੋਲੇਸ਼ਨ ਵਾਰਡ ਲਈ ਖੁਦ ਨੂੰ ਪੇਸ਼ ਕਰ ਸਕੀ। ਇੱਕ ਦਿਨ ਵਿੱਚ ਦੋ-ਢਾਈ ਸੌ ਮਰੀਜਾਂ ਤੱਕ ਦੀ ਓਪੀਡੀ ਕਰਨ ਵਾਲੇ ਸਰਕਾਰੀ ਡਾਕਟਰ ਹੀ ਕਰੋਨਾਵਾਇਰਸ ਖਿਲਾਫ ਲੜਾਈ ਵਿੱਚ ਮੂਹਰੇ ਹੋ ਕੇ ਲੜ ਰਹੇ ਹਨ।
ਇਸੇ ਤਰ੍ਹਾਂ ਇਸ ਕਰੋਨਾਵਾਇਰਸ ਵਿੱਚ ਨਿੱਜੀ ਸੰਸਥਾਵਾਂ ਵਿੱਚ ਕੰਮ ਕਰਦੇ ਮੁਲਾਜ਼ਮ ਵੀ ਆਪਣੇ ਭਵਿੱਖ ਨੂੰ ਲੈ ਕੇ ਭਾਰੀ ਨਿਰਾਸ਼ਾ ਵਿਚ ਹਨ। ਨਿੱਜੀ ਕੰਪਨੀਆਂ-ਨਿੱਜੀ ਸਕੂਲਾਂ ਵਿੱਚ ਬਹੁਤ ਘੱਟ ਤਨਖਾਹ ਉਤੇ ਕੰਮ ਕਰਨ ਵਾਲੇ ਇਹ ਮੁਲਾਜ਼ਮ ਆਪਣੇ ਪਰਿਵਾਰ ਦਾ ਪੇਟ ਪਾਲਣ ਤੱਕ ਵੀ ਅਸਮਰਥ ਜਾਪ ਰਹੇ ਹਨ। ਇਸੇ ਤਰ੍ਹਾਂ ਕਿਸਾਨ ਵੀ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਪਹਿਲਾਂ ਹੀ ਦੁੱਖਾਂ ਦਾ ਸਾਹਮਣਾ ਕਰ ਰਹੀ ਕਿਸਾਨੀ ਅਜੇ ਆਪਣੀ ਹੋਣੀ ਬਾਰੇ ਸਪੱਸ਼ਟ ਨਹੀਂ ਹੈ ਕਿ ਉਸ ਨਾਲ ਕੀ ਵਾਪਰੇਗਾ? ਅਜਿਹੇ ਸਮੇਂ ਵਿੱਚ ਇਹ ਸਭ ਧਿਰਾਂ ਸਰਕਾਰ ਵੱਲ ਤੱਕ ਰਹੀਆਂ ਹਨ ਪਰ ਸਰਕਾਰਾਂ ਤਾਂ ਨਿੱਜੀਕਰਨ ਦੀਆਂ ਹਮਾਇਤੀ ਹਨ ਜਦਕਿ ਨਿੱਜੀਕਰਨ ਵਾਲੇ ਹੁਣ ਸਰਕਾਰ ਦੇ ਕਿਤੇ ਵੀ ਨੇੜੇ -ਤੇੜੇ ਨਹੀਂ। ਇਸ ਸੰਕਟ ਨੇ ਸਾਨੂੰ ਇਹ ਤਾਂ ਮਹਿਸੂਸ ਕਰਵਾ ਹੀ ਦਿੱਤਾ ਹੈ ਕਿ ਅਜਿਹੇ ਸਮੇਂ ਵਿੱਚ ਸਭ ਤੋਂ ਕਾਰਗਰ ਸਮਾਜਵਾਦੀ ਵਿਵਸਥਾ ਹੀ ਹੁੰਦੀ ਹੈ।
ਕਰੋਨਾ ਵਾਇਰਸ ਦੇ ਇਸ ਸੰਕਟ ਨੇ ਅਜੋਕੇ ਸਮੇਂ ਵਿੱਚ ਇੱਕ ਹੋਰ ਮੁੱਖ ਪੱਖ ਜੋ ਸਾਡੀ ਮਾਨਸਿਕ ਸਥਿਤੀ ਵਿੱਚ ਆਈ ਤਬਦੀਲੀ ਨਾਲ ਸਬੰਧਤ ਹੈ, ਨੂੰ ਵੀ ਬੇਪਰਦ ਕੀਤਾ ਹੈ। ਅਸੀਂ ਇਸ ਸੰਕਟ ਦੌਰਾਨ ਅਜਿਹੇ ਮਾਮਲੇ ਵੀ ਵੇਖੇ ਕਿ ਲੋਕ ਆਪਣਿਆਂ ਦੇ ਸਸਕਾਰ ਤੋਂ ਵੀ ਟਾਲਾ ਵੱਟ ਰਹੇ ਹਨ। ਲੁਧਿਆਣਾ ਵਿੱਚ ਇੱਕ ਪਰਿਵਾਰ ਦੀ ਕਰੋਨਾਵਾਇਰਸ ਨਾਲ ਪੀੜਤ ਔਰਤ ਦਾ ਸਸਕਾਰ ਕਰਨ ਲਈ ਉਸ ਦਾ ਪਰਿਵਾਰ ਉਦੋਂ ਵੀ ਤਿਆਰ ਨਾ ਹੋਇਆ ਜਦੋ ਕਿ ਪ੍ਰਸ਼ਾਸਨ ਪਰਿਵਾਰ ਨੂੰ 18 ਫੁੱਟ ਲੰਮੇ ਬਾਂਸ ਨਾਲ ਉਸ ਦੀ ਚਿਖਾ ਨੂੰ ਅੱਗ ਲਗਾਉਣ ਲਈ ਆਖ ਰਿਹਾ ਸੀ। ਇਸੇ ਤਰ੍ਹਾਂ ਦੀ ਘਟਨਾ ਅੰਮ੍ਰਿਤਸਰ ਵਿਚ ਵੀ ਇੱਕ ਸੀਨੀਅਰ ਇੰਜੀਨੀਅਰ ਨਾਲ ਵਾਪਰੀ। ਜਦਕਿ ਰਾਗੀ ਸਿੰਘ ਦੇ ਸਸਕਾਰ ਬਾਰੇ ਅਪਣਾਇਆ ਰਵੱਈਆ ਤਾਂ ਸਾਨੂੰ ਧੁਰ ਅੰਦਰੋਂ ਝੰਜੋੜ ਦਿੰਦਾ ਹੈ। ਬਿਮਾਰੀ ਐਨੀ ਭਿਆਨਕ ਹੈ ਕਿ ਲੋਕ ਆਪਣਿਆਂ ਤੋਂ ਹੀ ਡਰ ਰਹੇ ਹਨ।
ਦੂਜੇ ਪਾਸੇ ਜੀਵੇ ਆਸ਼ਾ ਤੇ ਮਰੇ ਨਿਰਾਸ਼ਾ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਮੁਤਾਬਕ ਇਹ ਵਾਇਰਸ ਖਤਮ ਜ਼ਰੂਰ ਹੋਵੇਗਾ ਪਰ ਇਹ ਵੀ ਯਕੀਨੀ ਹੈ ਕਿ ਇਹ ਭਵਿੱਖ ਵਿੱਚ ਕਾਫੀ ਤਬਦੀਲੀਆਂ ਲਿਆਵੇਗਾ। ਬਹੁਤ ਲੋਕਾਂ ਦਾ ਮੰਨਣਾ ਹੈ ਕਿ ਇਸ ਵਾਇਰਸ ਨੇ ਧਾਰਮਿਕ ਸਥਾਨਾਂ ਦੀ ਬਜਾਏ ਸਿਹਤ ਸੰਸਥਾਵਾਂ ਦੀ ਅਹਿਮੀਅਤ ਵਧਾਈ ਹੈ। ਲੋਕ ਭਾਵੇਂ ਆਪੋ-ਆਪਣੇ ਧਾਰਮਿਕ ਅਕੀਦਿਆਂ ਵਿੱਚ ਵਿਸ਼ਵਾਸ ਕਰ ਰਹੇ ਪਰ ਨਾਲ ਹੀ ਉਨ੍ਹਾਂ ਦੀ ਆਖਰੀ ਟੇਕ ਸਿਹਤ ਸੰਸਥਾਵਾਂ ਉਤੇ ਹੀ ਹੈ। ਇਸ ਸਮੇਂ ਉਨ੍ਹਾਂ ਦਾ ਅਸਲੀ ਰੱਬ ਸਿਹਤ ਅਮਲਾ ( ਡਾਕਟਰ, ਨਰਸਾਂ, ਪੈਰਾ ਮੈਡੀਕਲ ਸਟਾਫ ਤੇ ਸਫਾਈ ਕਾਮੇ)ਹੀ ਹੈ।ਇਸ ਦੇ ਨਾਲ ਹੀ ਪੰਜਾਬ ਵਿੱਚ ਸਭ ਤੋਂ ਵੱਧ ਬਦਨਾਮ ਆਖਿਆ ਜਾਣ ਵਾਲਾ ਪੁਲਿਸ ਮਹਿਕਮਾ ਅੱਜ ਦੇ ਸਮੇਂ ਵਿੱਚ ਵਧੀਆ ਰੋਲ ਨਿਭਾਉਂਦਾ ਨਜ਼ਰ ਆਇਆ ਹੈ। ਸ਼ੁਰੂ-ਸ਼ੁਰੂ ਵਿੱਚ ਇਸ ਮਹਿਕਮੇ ਦੀਆਂ ਕੁੱਝ ਸ਼ਿਕਾਇਤਾਂ ਆਈਆਂ, ਪਰ ਬਾਅਦ ਵਿੱਚ ਇਸ ਦੀ ਕਾਰਵਾਈ ਲੋਕਾਂ ਦੇ ਹੱਕ ਵਿੱਚ ਹੀ ਭੁਗਤਦੀ ਨਜ਼ਰ ਆਈ ਹੈ।
ਇਸੇ ਤਰ੍ਹਾਂ ਭਾਵੇਂ ਲੋਕ ਸਰਕਾਰਾਂ ਦੇ ਲਾਕਡਾਊਨ ਵਾਲੇ ਫੈਸਲਿਆਂ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਪਰ ਨਾਲ ਹੀ ਥਾਲੀਆਂ ਵਜਾਉਣ ਤੇ ਦੀਵਿਆਂ ਤੇ ਪਟਾਕਿਆਂ ਦੀ ਆਵਾਜ਼ ਤੋਂ ਵੀ ਪਰੇਸ਼ਾਨ ਹਨ। ਹਾਲਾਂਕਿ ਉਹ ਗੱਲ ਮੰਨਣ ਲਈ ਮਜਬੂਰ ਹਨ। ਭਾਰਤ ਦੇ ਲੋਕ ਆਸਥਾ ਦੇ ਨਾਲ-ਨਾਲ ਸਿਹਤ ਸਹੂਲਤਾਂ ਦੀ ਮਜ਼ਬੂਤੀ ਚਾਹੁੰਦੇ ਹਨ ਪਰ ਹੁਕਮਰਾਨ ਉਨ੍ਹਾਂ ਨੂੰ ਸਿਰਫ ਥਾਲੀਆਂ ਵਜਾ ਕੇ ਹੀ ਪਰਚਾ ਰਿਹਾ ਹੈ।
ਸੰਕਟ ਦਾ ਸਮਾਂ ਹੈ, ਜੇ ਇਹ ਆਇਆ ਹੈ ਤਾਂ ਜਾਵੇਗਾ ਵੀ ਪਰ ਇਹ ਸਮਾਂ ਅਜੇ ਵੀ ਸਾਨੂੰ ਚੇਤਾ ਰਿਹਾ ਹੈ ਕਿ ਸਾਡਾ ਭਲਾ ਸਮਾਜਵਾਦੀ ਵਿਵਸਥਾ ਵਿੱਚ ਹੀ ਹੈ। ਸਾਨੂੰ ਸਮਾਂ ਰਹਿੰਦਿਆਂ ਇਸ ਵਿਵਸਥਾ ਨੂੰ ਮੁੜ ਤਕੜਾ ਕਰਨ ਪਵੇਗਾ । ਇਹ ਵਿਵਸਥਾ ਨਾ ਸਿਰਫ ਸਾਨੂੰ ਆਰਥਿਕ ਤੌਰ ਉਤੇ ਲੁੱਟ ਤੋਂ ਬਚਾਵੇਗੀ ਸਗੋਂ ਸਾਨੂੰ ਮਾਨਸਿਕ ਤੌਰ ਉੱਤੇ ਸਹੀ ਸੇਧ ਵੀ ਦੇਵੇਗੀ। ਅੰਤ ਵਿੱਚ ਕਰੋਨਾਵਾਇਰਸ ਖਿਲਾਫ ਜੰਗ ਵਿੱਚ ਸਾਡੀ ਜਾਨ ਮਾਲ ਦੀ ਰਾਖੀ ਕਰਨ ਲਈ ਅਸੀਂ ਹਰ ਉਸ ਧਿਰ ਦੀ ਸੁੱਖ ਮੰਗਦੇ ਹਾਂ ਜੋ ਸਾਡੇ ਲਈ ਆਪਣੀ ਤੇ ਆਪਣੇ ਪਰਿਵਾਰ ਦੀ ਪਰਵਾਹ ਕੀਤੇ ਬਿਨਾਂ ਦਿਨ ਰਾਤ ਇੱਕ ਕਰ ਰਹੀ ਹੈ।ਅਸੀਂ ਉਮੀਦ ਕਰਦੇ ਹਾਂ ਕਿ ਇੱਕਜੁੱਟਤਾ ਦਾ ਪ੍ਰਗਟਾਵਾ ਕਰ ਰਹੇ ਅਸੀਂ ਸਮੂਹ ਭਾਰਤੀ ਜਲਦ ਹੀ ਇਸ ਦੁੱਖ ਦੀ ਘੜੀ ਵਿਚੋਂ ਜੇਤੂ ਬਣ ਕੇ ਬਾਹਰ ਨਿਕਲਾਂਗੇ।
ਮੋਬਾਈਲ 7889111988