-ਰਘਵੀਰ ਸਿੰਘ ਚੰਗਾਲ
ਮੋਟੇ ਤੌਰ ਤੇ ਜ਼ਿੰਦਗੀ ਜਿਊਣ ਦੇ ਦੋ ਢੰਗ ਹੁੰਦੇ ਹਨ। ਪਹਿਲਾ ਆਪਣੇ ਹਿੱਤਾਂ ਲਈ ਜਿਊਣਾ,ਦੂਜਾ ਪਰਾਏ ਹਿਤਾਂ ਲਈ, ਪਰਉਪਕਾਰ ਲਈ ਜਿਊਣਾ। ਆਪਣੇ ਹਿਤਾਂ ਲਈ ਹਰ ਕੋਈ ਜਿਊਦਾ ਹੈ, ਪਰਉਪਕਾਰ ਲਈ ਜਿੳਣ ਵਾਲਿਆਂ ਦੀ ਕਥਾ ਨਿਰਾਲੀ ਹੁੰਦੀ ਹੈ। ਉਨ੍ਹਾਂ ਦੀ ਹਰ ਅਦਾ ਹਰ ਹਰਕਤ ਅਤੇ ਹਰ ਕਰਤਵ ਸਿ੍ਰਸ਼ਟੀ ਨੂੰ ਦੂਰ ਦਿ੍ਰਸ਼ਟੀ ਨਾਲ ਦੇਖਣਾ ਮੁਖ ਉਦੇਸ਼ ਹੁੰਦਾ ਹੈ । ਅਜਿਹੇ ਵਿਰਲੇ ਮਨੁੱਖ ਹੁੰਦੇ ਜਿਨ੍ਹਾਂ ਨੂੰ ਆਪਣੇ ਆਦਰਸ਼ਾਂ ਉੱਤੇ ਪੂਰਾ ਉਤਰਨ ਦਾ ਸੁਭਾਗ ਧਰਤੀ ਦੇ ਵਾਸੀਆਂ ਦੀਆਂ ਅੱਖਾਂ ਦੇਖਦੀਆਂ ਹਨ। ਕਦੇ ਕਦੇ ਕੋਈ ਜਨਣੀ ਦੀ ਕੁਖ ਵਿੱਚੋਂ ਅਜਿਹੇ ਹੀਰੇ ਪੈਦਾ ਹੁੰਦੇ ਹਨ।(MOREPIC1)
2 ਜਨਵਰੀ,1932 ਨੂੰ ਪਿੰਡ ਗਿੱਦੜਆਣੀ (ਸੰਗਰੂਰ)ਵਿਚ ਬਾਲ ਹਰਚੰਦ ਸਿੰਘ ਦਾ ਜਨਮ ਹੋਇਆ । ਪਿਤਾ ਜੀ ਦਾ ਨਾਂ ਮੁਣਸ਼ਾ ਸਿੰਘ ਮਾਤਾ ਜੀ ਦਾ ਨਾਂ ਮਾਨ ਕੌਰ ਸੀ। ਜਨਮ ਨਗਰ ਵਾਲਾ ਇਲਾਕਾ ਹੁਣ ਜ਼ਿਲਾ ਸੰਗਰੂਰ ਵਿੱਚ ਹੈ। ਸਕੁਲਾਂ , ਕਾਲਜਾਂ ਦੀ ਵਿਦਿਆ ਉਸ ਵੇਲੇ ਖਾਸ ਕਰ ਪੇਂਡੂਆਂ ਲਈ ਦੁਰਲਭ ਸੀ । ਪਿੰਡਾਂ ਵਿੱਚ ਡੇਰੇ ਜਾਂ ਗੁਰਦੁਆਰੇ ਪਾਠਸ਼ਾਲਾ ਦਾ ਕੇਂਦਰ ਹੁੰਦੇ ਸਨ। ਛੇ ਸਾਲ ਦੀ ਉਮਰ ਵਿੱਚ ਹੀ ਪਿੰਡ ਮੋਜੋ ਦੇ ਗੁਰਦੁਆਰਾ ਸਾਹਿਬ ਦੀ ਪਾਠਸ਼ਾਲਾ ਵਿੱਚ ਪੁੱਜ ਗਏ ਸਨ। ਉੱਥੇ ਸੰਤ ਬਾਬਾ ਜੋਧ ਸਿੰਘ ਜੀ ਤੋਂ ਕਥਾ ਕੀਰਤਨ ਅਤੇ ਧਾਰਮਿਕ ਵਿਦਿਆ ਪ੍ਰਾਪਤ ਕੀਤੀ । ਸੰਤ ਬਾਬਾ ਜੋਧ ਸਿੰਘ ਜੀ ਨੇ ਇਸ ਹੀਰੇ ਨੂੰ ਆਪਣੇ ਹੱਥੀਂ ਤਰਾਸ਼ਿਆ, ਜਿਸਨੇ ਸਾਰੇ ਪੰਥ ਨੂੰ ਆਪਣੀ ਰੁਸ਼ਨਾਈ ਦਿੱਤੀ । ਭਰ ਜੁਆਨੀ ਵਿੱਚ ਪਿੰਡ ਲੋਂਗੋਵਾਲ ਆ ਗਏ । ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਅਸਥਾਨ ਤੇ ਸੇਵਾ ਵਿਚ ਜੁਟ ਗਏ ਪਿੰਡ ਲੋਂਗੋਵਾਲ ਦਾ ਨਾਂ ਇਨ੍ਹਾਂ ਨਾਲ ਪੱਕੇ ਤੌਰ ਤੇ ਜੁੜ ਗਿਆ । ਸੰਤ ਹਰਚੰਦ ਸਿੰਘ ਲੋਂਗੋਵਾਲ ਜੀ ਨੇ ਇੱਕ ਗਰੀਬ ਪੇਂਡੂ ਪਰਿਵਾਰ ਵਿਚ ਪੈਦਾ ਹੋ ਕੇ ਜਿਸ ਤਰ੍ਹਾਂ ਧਰਮ ਅਤੇ ਰਾਜਨੀਤੀ ਦੇ ਖੇਤਰਾਂ ਵਿਚ ਬੁਲੰਦੀਆਂ ਨੂੰ ਛੋਹਿਆ ਅੱਜ ਦੇ ਦਿਨ ਹਰ ਆਮ ਅਤੇ ਖਾਸ ਪੰਜਾਬੀ ਉਹਨਾਂ ਨੂੰ ਯਾਦ ਕਰ ਰਿਹਾ ਹੈ । ਸੰਤ ਜੀ ਦਾ ਨਿਮਾਣਾ ਸੇਵਕ ਹੋਣ ਦੇ ਨਾਤੇ ਮੈਨੂੰ ਲੰਬਾ ਅਰਸਾ ਉਹਨਾਂ ਦੇ ਨੇੜੇ ਰਹਿਣ ਦਾ ਮਾਣ ਮਿਲਅਿਾ ਹੈ। ਇਸ ਦੌਰਾਨ ਮੈਂ ਦੇਖਿਆ ਕਿ ਸੰਤ ਜੀ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਿੱਖ ਧਰਮ ਦਾ ਨਿਮਾਣਾ ਜਿਹਾ ਸੇਵਕ ਸਮਝਦੇ ਸਨ। ਉਹਨਾਂ ਇੱਕ ਸਿਰਮੌਰ ਰਾਜਨੀਤਿਕ ਨੇਤਾ ਹੁੰਦੇ ਹੋਏ ਆਪਣੇ ਆਪਨੂੰ ਧਰਮ ਦੇ ਰਸਤੇ ਤੋਂ ਲਾਂਭੇ ਨਹੀਂ ਹੋਣ ਦਿੱਤਾ। ਸੱਚ ਤਾਂ ਇਹ ਹੈ ਕਿ ਉਹਨਾਂ ਰਾਜਨੀਤੀ ਵੀ ਗੁਰਬਾਣੀ ਦੇ ਨਿਰਸਵਾਰਥ ਸੇਵਾ ਅਤੇ ਸਰਵ ਸਾਂਝੀਵਾਲਤਾ ਵਰਗੇ ਮਹਾਨ ਅਸੂਲਾਂ ਉੱਤੇ ਪਹਿਰਾ ਦਿੱਤਾ ਸੰਤ ਜੀ ਨੇ ਉਸ ਵੇਲੇ ਆਪਣੇ ਪ੍ਰਾਣਾਂ ਦੀ ਕੁਰਬਾਨੀ ਦਿੱਤੀ ਜਦੋਂ ਪੰਜਾਬੀਆਂ ਅਤੇ ਦੇਸ਼ ਉਪਰ ਕੁਝ ਦੇਸ਼ ਵਿਰੋਧੀਆਂ ਨੇ ਭਿਆਨਕ ਮੁਸੀਬਤ ਖੜੀ ਕਰ ਦਿੱਤੀ ਸੀ । ਪੰਜਾਬ ਅੰਦਰ ਹਿੰਦੂ ਅਤੇ ਸਿੱਖ ਫਿਰਕਿਆਂ ਨਾਲ ਸੰਬੰਧਿਤ ਨਿਰਦੋਸ਼ਾਂ ਨੂੰ ਗੋਲੀਆਂ ਨਾਲ ਭੁੰਨ ਕੇ ਆਪਸ ਚ ਲੜਾਉਣ ਦੀ ਕੋਝੀ ਸਾਜਿਸ਼ ਰਚੀ ਜਾ ਰਹੀ ਸੀ ਪਰੰਤੂ ਸੰਤ ਜੀ ਦੀ ਕੁਰਬਾਨੀ ਨੇ ਦੁਸ਼ਮਣਾਂ ਦੀ ਇਸ ਸਾਜਿਸ਼ ਨੂੰ ਫੇਲ੍ਹ ਕਰ ਦਿੱਤਾ।
ਸੰਤ ਜੀ ਅੰਦਰ ਉਪਜੀ ਇਹ ਨਿਰਸਵਾਰਥ ਕੁਰਬਾਨੀ ਦੀ ਭਾਵਨਾ ਸਾਰੇ ਧਰਮਾਂ ਨੂੰ ਬਰਾਬਰ ਸਥਾਨ ਦੇਣ ਵਾਲੇ ਸਿੱਖੀ ਧਰਮ ਅਤੇ ਸਿੱਖੀ ਅਸੂਲਾਂ ਦੀ ਹੀ ਪੇ੍ਰਰਨਾ ਸੀ। ਜਿਸ ਸਿੱਖ ਧਰਮ ਨੇ ਹਮੇਸ਼ਾ ਮਜਲੂਮਾਂ ਦੀ ਰਾਖੀ ਕਰਨ ਦਾ ਉਦੇਸ਼ ਦਿੱਤਾ ਹੈ। ਸੰਤ ਜੀ ਨੇ ਜੀਵਨ ਭਰ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਇਸਦੇ ਵਿਸਥਾਰ ਅਤੇ ਬੇਹਤਰੀ ਲਈ ਸੁਚੱਜੇ ਯਤਨ ਕੀਤੇੇ। ਬਚਪਨ ਚ ਲਗਾਤਾਰ ਦਸ ਸਾਲ ਹਾਸਿਲ ਕੀਤੀ ਗੁਰਮਤਿ ਵਿਦਿਆ ਨੂੰ ਜੀਵਨ ਭਰ ਲੋਕਾਂ ਵਿਚ ਵੰਡਿਆ। ਸੰਤ ਜੀ ਨੇ ਮਾਲਵੇ ਚ ਸਿੱਖੀ ਦੇ ਪ੍ਰਸਾਰ ਲਈ ਪਿੰਡ ਪਿੰਡ ਜਾ ਕੇ ਅੰਮਿ੍ਰਤ ਸੰਚਾਰ ਕਰਵਾਇਆ । ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਹੁੰਦਿਆਂ ਤਾਂ ਉਨ੍ਹਾ ਅੰਮਿ੍ਰਤ ਸੰਚਾਰ ਦੀ ਮੁਹਿੰਮ ਨੂੰ ਕੈਨੇਡਾ ਅਮਰੀਕਾ ਤੱਕ ਸਰਗਰਮ ਕਰ ਦਿੱਤਾ। ਮਾਲਵੇ ਦੇ ਅਨੇਕਾਂ ਪਿੰਡ ਅਜਿਹੇ ਸਨ ਜਿੱਥੇ ਗੁਰਦੁਆਰੇ ਨਹੀਂ ਸਨ। ਉਨ੍ਹਾ ਉੱਥੇ ਆਪ ਕਾਰਸੇਵਾ ਸੰਭਾਲ ਕੇ ਲੋਕਾਂ ਦੇ ਸਹਿਯੋਗ ਨਾਲ ਗੁਰਦੁਆਰਿਆਂ ਦੀ ਕਾਰਸੇਵਾ ਕਰਵਾਈ। ਪੰਥ ਦੀ ਨਿਰਸਵਾਰਥ ਸੇਵਾ ਨੂੰ ਪਹਿਲ ਦਿੰਦਿਆਂ ਉਨ੍ਹਾਂ 1960 ਵਿਚ ਸ਼੍ਰੋਮਣੀ ਕਮੇਟੀ ਦੀ ਚੋਣ ਲਈ ਮਿਲੀ ਪਾਰਟੀ ਟਿਕਟ ਵੀ ਠੁਕਰਾ ਦਿੱਤੀ। ਸੰਤ ਜੀ ਦੀ ਨਿਸ਼ਕਾਮ ਸੇਵਾ ਦਾ ਹੀ ਫਲ ਸੀ ਕਿ ਸੰਗਤ ਨੇ ਉਨ੍ਹਾਂ ਨੂੰ ਸਿੱਖੀ ਦੇ ਪੰਜਵੇਂ ਤਖਤ ਸ੍ਰੀ ਦਮਦਮਾ ਸਾਹਿਬ ਲਈ 1963 ਵਿੱਚ ਜਥੇਦਾਰ ਥਾਪ ਦਿੱਤਾ । ਆਪ ਨੇ ਸਾਲ ਭਰ ਇਹ ਸੇਵਾ ਬਾਖੂਬੀ ਨਿਭਾਈ । 1979 ਵਿਚ ਸੰਤ ਜੀ ਨੂੰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਚੁਣ ਲਿਾਆ ਗਿਆ। ਇਸ ਉਪਰੰਤ ਭਾਵੇਂ ਸੰਤ ਜੀ ਨਾ ਚਾਹੁੰਦੇ ਹੋਏ ਵੀ ਕੁਝ ਜ਼ਿਆਦਾ ਹੀ ਉਲਝ ਗਏ ਪਰ ਇੱਕ ਸੱਚੇ ਸਿੱਖ ਵਾਂਗ ਉਨ੍ਹਾਂ ਨੂੰ ਦਿਲੀ ਖੁਸ਼ੀ ਅਤੇ ਸਕੂਨ ਗੁਰਬਾਣੀ ਦਾ ਪਾਠ ਕਰਕੇ ਅਤੇ ਕੀਰਤਨ ਕਰਕੇ ਹੀ ਮਿਲਦਾ ਸੀ , ਜਿਸ ਲਈ ਉਹ ਰਾਜਸੀ ਝਮੇਲਿਆਂ ਚੋਂ ਵੀ ਸਮਾਂ ਕੱਢ ਲੈਂਦੇ ਸਨ।
ਸੰਤ ਲੋਂਗੋਵਾਲ ਰਾਜਨੀਤੀ ਦੀ ਜਿਲ੍ਹਣ ਵਿਚ ਕਦੇ ਫਸਣਾ ਨਹੀਂ ਚਾਹੁੰਦੇ ਪਰੰਤੂ ਪੰਥ ਅਤੇ ਸਮਾਜ ਸੇਵਾ ਦੀ ਤਾਂਘ ਉਨ੍ਹਾਂ ਨੂੰ ਇੱਧਰ ਲੈ ਹੀ ਆਈ । ਹਮੇਸ਼ਾ ਧਰਮ ਦੇ ਮਾਰਗਾਂ ’ਤੇ ਚੱਲਦਿਆਂ ਰਾਜਨੀਤੀ ਵਿਚ ਵਿਚਰਣ ਕਰਕੇ ਉਹ ਚਿੱਕੜ ਵਿਚ ਖਿਲੇ ਕਮਲ ਦੇ ਫੁੱਲ ਵਾਂਗ ਬੇਦਾਗ ਰਹੇ। ਇਹੀ ਕਾਰਣ ਸੀ ਸ਼ੁਰੂ ਤੋਂ ਅੰਤ ਤੱਕ ਅਕਾਲੀ ਵਰਕਰਾਂ ਨੇ ਹਰ ਮੋਰਚੇ ਸਮੇਂ ਉਨ੍ਹਾਂ ਦੀ ਅਗਵਾਈ ਵਿਚ ਭਰੋਸਾ ਪ੍ਰਗਟਾਇਆ । ਸੰਤ ਜੀ ਨੂੰ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਲੜਦਿਆਂ ਅਨੇਕਾਂ ਵਾਰ ਜੇਲ੍ਹ ਵੀ ਜਾਣਾ ਪਿਆ । 1953 ਵਿਚ ਪੈਪਸੂ ਦੀ ਸਰਕਾਰ ਸਮੇਂ ਲੱਗੇ ਮੋਰਚੇ ਵਿਚ ਉਹ ਪਹਿਲੀ ਵਾਰ ਜੇਲ੍ਹ ਗਏ ਤੇ ਤਿੰਨ ਮਹੀਨੇ ਜੇਲ੍ਹ ਕੱਟਣੀ ਪਈ । 1955 ਵਿਚ ਪੰਜਾਬੀ ਸੂਬੇ ਲਈ ਲੱਗੇ ਮੋਰਚੇ ਵਿਚ ਸੰਤ ਲੋਂਗੋਵਾਲ ਜੀ ਨੂੰ ਦੋ ਵਾਰ ਗਿ੍ਰਫਤਾਰ ਕਰਕੇ ਜੇਲ੍ਹ ਵਿਚ ਰੱਖਿਆ ਗਿਆ । 1969 ਵਿਚ ਉਨ੍ਹਾਂ ਪਹਿਲੀ ਵਾਰ ਅੇਸੰਬਲੀ ਚੋਣ ਲਹਿਰਾਗਾਗਾ ਤੋਂ ਲੜੀ ਜਿੱਥੇ ਉਨ੍ਹਾਂ ਕਾਂਗਰਸ ਦੇ ਥੰਮ੍ਹ ਕਹੇ ਜਾਂਦੇ ਪੈਪਸੂ ਦੇ ਸਾਬਕਾ ਮੁੱਖ ਮੰਤਰੀ ਬਾਬੂ ਬਿ੍ਰਸ਼ਭਾਨ ਨੂੰ ਕਰਾਰੀ ਹਾਰ ਦਿੱਤੀ । 1975 ਵਿਚ ਐਮਰਜੈਂਸੀ ਵਿਰੁੱਧ ਮਨੁੱਖੀ ਹੱਕਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਦੇ ਹੋਏ ਮੋਰਚਾ ਲਗਾਇਆ । ਜਿਸ ਵਿਚ ਲੱਖਾਂ ਪੰਜਾਬੀ ਸੰਤ ਜੀ ਦੀ ਕਮਾਨ ਹੇਠ ਇਸ ਅਨਿਆ ਵਿਰੁੱਧ ਲੜੇ। ਅਖੀਰ ਸੰਤ ਜੀ ਨੇ ਸਰਕਾਰੀ ਜੁਲਮ ’ਤੇ ਜਿੱਤ ਪ੍ਰਾਪਤ ਕੀਤੀ ਅਤੇ 20 ਅਗਸਤ 1980 ਨੂੰ ਸੰਤ ਲੋਂਗੋਵਾਲ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ । 1982 ਵਿਚ ਸੰਤ ਜੀ ਨੇ ਪੰਜਾਬ ਅਤੇ ਪੰਥ ਦੇ ਹਿਤਾਂ ਲਈ ਧਰਮ ਯੁੱਧ ਮੋਰਚਾ ਲਗਾਇਆ । ਪਰੰਤੂ ਬਦਕਿਸਮਤੀ ਨਾਲ ਅਮਨ ਪੂਰਵਕ ਆਪਣੇ ਨਿਸ਼ਚੇ ਵੱਲ ਵੱਧ ਰਹੇ ਇਸ ਹੱਕੀ ਸੰਘਰਸ਼ ਦੇ ਰੂਪ ਨੂੰ ਸਰਕਾਰ ਦੀਆਂ ਕੋਝੀਆਂ ਨੀਤੀਆਂ ਨੇ ਵਿਗਾੜਨਾ ਸ਼ੁਰੂ ਕਰ ਦਿੱਤਾ। ਹਾਲਾਤ ਤੇਜ਼ੀ ਨਾਲ ਵਿਗੜਦੇ ਗਏ ਪਰ ਸੰਤ ਜੀ ਬੇਵੱਸ ਅਤੇ ਚਿੰਤਾ ਵਿਚ ਸਨ। ਉਨ੍ਹਾਂ ਦੀ ਇਹ ਚਿੰਤਾ ਕਿਸੇ ਅਨਹੋਣੀ ਦੇ ਡਰ ਵਿਚੋਂ ਉਪਜ ਰਹੀ ਸੀ ਜੋ ਉਸ ਵੇਲੇ ਸੱਚ ਹੋ ਗਈ ਜਦੋਂ ਦਰਬਾਰ ਸਾਹਿਬ ਕੰਪਲੈਕਸ ਵਿਚ ਗਰਮ ਖਿਆਲੀਆਂ ਨੂੰ ਕੱਢਣ ਬਹਾਨੇ ਕੇਂਦਰ ਦੀ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਫੌਜੀ ਹਮਲਾ ਬੋਲ ਦਿੱਤਾ । 6 ਜੂਨ , 1984 ਨੂੰ ਇਸੇ ਦੌਰਾਨ ਉਨ੍ਹਾਂ ਨੂੰ ਦਰਬਾਰ ਸਾਹਿਬ ’ਚੋ ਗਿ੍ਰਫਤਾਰ ਕਰਕੇ ਉਦੈਪੁਰ ਜੇਲ੍ਹ ਚ ਨਜ਼ਰਬੰਦ ਕਰ ਦਿੱਤਾ ਗਿਆ । ਇੰਨ੍ਹਾਂ ਘਟਨਾਵਾਂ ਨੇ ਸੰਤ ਜੀ ਦਾ ਹਿਰਦਾ ਵਿੰਨ੍ਹ ਸੁੱਟਿਆ ਸੀ। ਉਹ ਕਿਸੇ ਵੀ ਤਰ੍ਹਾਂ ਪੰਜਾਬ ਨੂੰ ਬਾਰੂਦ ਦੀ ਅੱਗ ’ਚੋਂ ਕੱਢ ਕੇ ਮੁੜ ਹੱਸਦਾ ਵੱਸਦਾ ਤਾਂ ਵੇਖਣਾ ਹੀ ਚਾਹੁੰਦੇ ਸਨ , ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਸਿੱਖੀ ਨੂੰ ਲੱਗੀ ਢਾਹ ਚੋਂ ਫਿਰ ਉਭਾਰਨਾ ਲੋਚਦੇ ਸਨ। ਇਸੇ ਇੱਛਾ ਕਾਰਨ ਉਨ੍ਹਾਂ 24 ਜੁਲਾਈ , 1985 ਨੂੰ ਪੰਜਾਬ ਸਮਝੌਤੇ ਵਰਗਾ ਦਲੇਰਾਨਾ ਕਦਮ ਚੁੱਕਿਆ ਸੀ, ਜਿਸ ਵੇਲੇ ਹਰ ਕੋਈ ਆਗੂ ਗੱਲ ਕਰਨ ਤੋਂ ਵੀ ਡਰਦਾ ਸੀ। ਉਨ੍ਹਾਂ ਨੂੰ ਇਸ ਅਮਲ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ ਫਿਰ ਵੀ ਉਨ੍ਹਾਂ ਦਾ ਬਲੀਦਾਨ ਬੇਅਰਥ ਨਹੀਂ ਗਿਆ ਬਲਕਿ ਅੱਗ ’ਚ ਬਲਦੇ ਪੰਜਾਬ ਨੂੰ ਅਮਨ ਸ਼ਾਂਤੀ ਅਤੇ ਖੁਸ਼ਹਾਲੀ ਦੀਆਂ ਬਹਾਰਾਂ ਬਖ਼ਸ਼ ਗਿਆ । ਅਮਨ ਦੇ ਮਸੀਹਾ ਪੰਜਾਬ ਦੇ ਇਸ ਮਹਾਨ ਸਪੂਤ ਸੰਤ ਹਰਚੰਦ ਸਿੰਘ ਲੋਂਗੋਵਾਲ ਜੀ ਨੇ ਜੀਵਨ ਦਾਨ ਦੇ ਦਿੱਤਾ, ਜਿਸਦੀ ਕੌਮੀ ਲੋੜ ਬਣ ਗਈ ਸੀ। ਸੰਤ ਜੀ ਦੀ ਸ਼ਹੀਦੀ ਨੇ ਭਾਰਤ ਤੇ ਹੋਰ ਥਾਵਾਂ ਵਿਚ ਵੱਸਦੇ ਸਿੱਖਾਂ ਬਾਰੇ ਉਹ ਕੁਝ ਕਰ ਦਿਖਾੲਆ ਹੈ ਜੋ ਲੱਖਾਂ ਭਾਸ਼ਨਾ ਨਾਲ ਨਹੀਂ ਹੋ ਸਕਦਾ ਸੀ। ਉਹ ਕੁਰਬਾਨੀ ਤੇ ਉਪਕਾਰ ਵਾਲੇ ਰਾਹ ਦੇ ਯਾਤਰੀ ਸਨ। ਸੰਤ ਲੋਂਗੋਵਾਲ ਸ਼ਹੀਦੀ ਪ੍ਰਾਪਤ ਕਰਕੇ “ਸਰਚ ਲਾਇਟ” ਵਾਂਗ ਸਦਾ ਲਈ ਅਸਮਾਨਾਂ ਤੇ ਸਥਿਰ ਹੋ ਕੇ ਗੁਰਮਤਿ ਦੇ ਆਦਰਸ਼ਾਂ ਦੀ ਰੋਸ਼ਨੀ ਤੇ ਅਗਵਾਈ ਦਿੰਦੇ ਰਹਿਣਗੇ।
ਰਘਵੀਰ ਸਿੰਘ ਚੰਗਾਲ
ਮੋਬਾ :-98552-64144