ਜਗਮੇਲ ਸਿੰਘ
ਸਰਕਾਰ ਬਣਾਉਣ ਲੱਗੇ ਓ,ਕਾਹਲ ਨਾ ਕਰੋ। ਤਹੱਮਲ ਮੱਤੇ ਚੱਲੋ। ਸਰਕਾਰ, ਅਜਿਹੀ ਚੀਜ਼ ਨੀਂ,ਬਈ ਦੁਕਾਨੋ ਖ਼ਰੀਦੀ, ਖਰਾਬੀ ਦਿਖੀ ਤੇ ਬਦਲ ਆਏ। ਹਾਲਤ ਦੇ ਸਤਾਏ ਹੋਏ ਤੇ ਸਰਕਾਰ ਦੇ ਅਕਾਏ ਹੋਏ ਓਂ,ਪਤਾ,ਤੱਤੇ ਹੋ ਕੇ ਕੰਮ ਨੀਂ ਚੱਲਣਾ। ਆਪਣੇ ਉੱਤੇ ਰਾਜ ਕਰਨ ਦਾ ਲਸੰਸ, ਆਪਣੇ ਹੱਥੀਂ ਫੜਾਉਣਾ। ਜਦ ਰਾਜ-ਛਟੀ ਉਹਨਾਂ ਹੱਥ ਫੜਾ ਬੈਠੇ, ਬੱਸ ਸਮਝੋ, ".... ਚਿੜੀਆਂ ਚੁਗ ਗਈਆਂ ਖੇਤ।" ਫਿਰ ਨੀਂ ਇਹ ਕਿਸੇ ਦੀ ਪ੍ਰਵਾਹ ਕਰਦੇ , ਲਾਟ 'ਸਾਬ। ਨਾ ਸੁਣਨ, ਨਾ ਮੰਨਣ। ਪੰਜ ਕਰਨ, ਪੰਜਾਹ ਕਰਨ, ਮੁਲਕ ਦੇਸੀਆਂ ਨੂੰ ਲੁਟਾਉਣ ਭਾਵੇਂ ਵਿਦੇਸ਼ੀਆਂ ਨੂੰ, ਨਾ ਡਰ,ਨਾ ਓਹਲਾ ਪਰਦਾ। ਉਹਨਾਂ ਦਾ ਪੇਟ ਖਜ਼ਾਨਾ-ਖਾਊ, ਸਿਰ ਹੰਕਾਰੀ। ਜਿਹੜਾ ਵੱਖਰਾ ਬੋਲੂ-ਟੋਕੂ, ਦੇਸ਼ ਧਰੋਹੀ, ਪੁਲਸੀ ਪਰਚੇ, ਲੰਮੀਆਂ ਜੇਲ੍ਹਾਂ।(MOREPIC1)
ਆਮ ਗੱਲ ਆ, ਮਿੱਟੀ ਦਾ ਕੁੱਜਾ ਖਰੀਦਣਾ ਹੋਵੇ, ਪੂਰਾ ਘੁਮਾ ਫਿਰਾ ਕੇ, ਬਾਹਰੋਂ ਅੰਦਰੋਂ ਦੇਖੀਦਾ। ਸਰਕਾਰ ਨੂੰ ਬਿਨਾਂ ਵੇਖੇ,ਜਾਣੇ ਕਿਉਂ?ਸਰਕਾਰ ਦਾ ਬਣਨ ਤੇ ਚੱਲਣ ਦਾ ਅਮਲ ਵੀ ਦੱਸਦਾ,ਕਿ ਕਿਸ ਰਾਹ ਚੱਲੀਏ? ਹੁਣ ਵਾਲੀ ਹਾਲਤ ਕਿਸ ਵਿਧ ਬਦਲੂ? ਸ਼ੁਰੂ ਹੁੰਦਾ, ਸਰਕਾਰ ਬਣਨ ਦਾ ਗੇੜ। ਕੋਈ ਉਮੀਦਵਾਰ ਬਣਦਾ,ਚੋਣ ਲੜਦਾ। ਉਮੀਦਵਾਰ ਵੋਟਰ ਨਹੀਂ ਬਣਾਉਂਦੇ, ਉਹ ਤਾਂ ਆ ਖੜਦਾ ਸਜ-ਸੰਵਰ ਕੇ, ਲੋਕਾਂ ਤੋਂ ਦੂਰ ਬੈਠੀ "ਹਾਈ ਕਮਾਂਡ" ਵੱਲੋਂ। ਪਾਰਟੀ ਵਰਕਰਾਂ ਨੂੰ ਪ੍ਰਵਾਨ ਹੋਵੇ ਭਾਵੇਂ ਨਾ। ਬਗ਼ਾਵਤ ਉੱਠੇ, ਪਾਰਟੀ ਟੁੱਟੇ, ਉਮੀਦਵਾਰ ਉਹੀ ਰਹਿੰਦਾ, ਬਦਲਦਾ ਨਹੀਂ। ਹਾਈ ਕਮਾਂਡ, ਆਵਦੀ ਪੁਗਾਉਂਦੀ ਆ , ਹਾਈ ਪਾਵਰ।
ਅੱਗੇ ਵੈਂਗਣੀ ਉਘੜਦੀ ਆ ਉਮੀਦਵਾਰ ਦੀ। ਜਿਹੜਾ ਜਿੱਤਣ ਲਈ ਸੌ ਸੌ ਪਾਪੜ ਵੇਲਦਾ, ਘਾੜਤਾਂ ਘੜਦਾ। ਵੋਟਰਾਂ ਨੂੰ ਸਬਜ਼ਬਾਗ ਵਿਖਾਉਂਦਾ, ਪਤਿਆਉਂਦਾ ਤੇ ਪਲੋਸਦਾ। ਟੂਣੇ ਟਾਮਣ, ਟੇਵੇ, ਪਾਠ ਹਵਨ ਸਭ ਓਹੜ-ਪੋਹੜ ਕਰਾਉਂਦਾ। ਚੈਨੀਆਂ, ਮੁੰਦਰੀਆਂ ਵਿੱਚ 'ਪੱਥਰ' ਜੜਵਾਉਂਦਾ।ਫਿਰ ਵੋਟਾਂ ਦਾ ਜੋੜ ਤੋੜ ਲਾਉਂਦਾ, ਭਾੜੇ ਦੇ ਬੰਦੇ ਤੋਂ ਵੀ ਲਵਾਉਂਦਾ।ਨਵੇਂ ਨਾਅਰੇ, ਲਾਰੇ ਘੜਦਾ। ਦਿਮਾਗ 'ਚ ਵੋਟਾਂ, ਦਿਲ 'ਚ ਖੋਟਾਂ। ਕੁਝ ਗਲਾਕੜਾਂ ਨੂੰ ਨਾਲ ਰਲਾਉਂਦਾ। ਫਲਾਤੂਆਂ ਦੀ 'ਟੀਮ' ਬਣਾਉਂਦਾ। ਜਾਤਾਂ ਧਰਮਾਂ ਵਿਚ ਪਾਟਕ ਪਾਉਂਦਾ। ਝਗੜੇ, ਸਮਝੌਤੇ 'ਸਭ' ਕਰਵਾਉਂਦਾ। ਰਿਸ਼ਤੇ-ਨਾਤੇ ਵੀ ਵਰਤਦਾ।ਨਸ਼ੇ ਤੇ ਨੋਟ ਵੰਡਦਾ। ਵੋਟਰਾਂ ਦੀਆਂ ਮਜ਼ਬੂਰੀਆਂ ਦਾ ਲਾਹਾ ਲੈਂਦਾ। ਵੋਟਾਂ ਖਰੀਦਣ, ਖੋਹਣ ਤੱਕ ਜਾਂਦਾ। ਬੀਬਾ ਚੇਹਰਾ, ਡਾਂਗ 'ਤੇ ਡੇਰਾ। ਮੂੰਹ 'ਚ ਰਾਮ ਰਾਮ, ਬਗਲ 'ਚ ਛੁਰੀ।
ਫਿਰ ਵਾਰੀ ਆਉਂਦੀ, ਵੋਟਾਂ ਦੀ। ਵੋਟਾਂ ਵੱਧੋ ਵੱਧ ਪੈਣ, ਅੱਡੀ-ਚੋਟੀ ਦਾ ਜ਼ੋਰ ਲਾਉਂਦਾ। ਦਿਨ ਰਾਤ ਇੱਕ ਕਰਦਾ।ਮੰਤਵ ਸਾਫ਼, ਜਿੱਤਣਾ ਚਾਹੁੰਦਾ, ਮੌਜੂਦਾ ਰਾਜ ਉੱਤੇ 'ਲੋਕ ਰਾਜ' ਦੀ ਮੋਹਰ ਲਵਾਉਂਦਾ, ਸਰਕਾਰਾਂ ਤੋਂ ਭਲੇ ਦੀ ਝਾਕ ਬੰਨਾਉਂਦਾ, ਦੁੱਖਾਂ ਤਕਲੀਫਾਂ ਤੇ ਮੰਗਾਂ-ਲੋੜਾਂ ਦੇ ਹੱਲ ਤੋਂ ਸੁਰਤ ਭੰਵਾਉਂਦਾ। ਵੋਟ-ਅਧਿਕਾਰ ਦਾ ਗੁੱਡਾ ਬੰਨਦਾ, ਆਪ ਵੀ ਬੰਨਦਾ, ਫਿਲਮਾਂ ਵਾਲਿਆਂ ਤੋਂ ਵੀ ਬੰਨਵਾਉਂਦਾ।ਖਰਚਾ ਲੋਕਾਂ ਸਿਰ ਪਾਉਂਦਾ।ਵਹਿਮ-ਭਰਮ ਫੈਲਾਉਣ ਤੋਂ ਵੀ ਨਹੀਂ ਟਲਦਾ, "ਵੋਟ ਤਾਂ ਮਰੇ ਦੀ ਨੀਂ ਪੈਂਦੀ"। ਊਂ ਸਭ ਪਵਾ ਲੈਂਦਾ, ਭੋਰਾ ਸ਼ਰਮ ਨੀਂ ਮੰਨਦਾ।ਮੁਕਾਬਲੇ ਦੇ ਉਮੀਦਵਾਰ, ਬੱਸ ਉੱਨੀ ਇੱਕੀ ਦਾ ਫ਼ਰਕ। ਕਰਦੇ ਸਭ ਇਹੀ। ਇੱਕੋ ਤੱਕੜੀ ਦੇ ਚੱਟੇ-ਵੱਟੇ। ਸਭ ਸਕੇ ਸਬੰਧੀ।
ਜੀਹਦੀਆਂ ਵੋਟਾਂ ਵੱਧ, ਉਹ ਐਮ. ਐਲ. ਏ.। ਜਿੱਤਿਆਂ 'ਚੋਂ ਜਿਹੜੇ ਵੱਧ, ਸਰਕਾਰ ਉਹਨਾਂ ਦੀ। ਮੁੱਖ ਮੰਤਰੀ ਚੁਣਨਾ ਹੁੰਦਾ ਇਹਨਾਂ ਨੇ ਆਪਣੇ ਵਿਚੋਂ, ਪਰ ਨਿਕਲਦਾ "ਹਾਈ ਕਮਾਂਡ" ਦੇ "ਲਿਫਾਫੇ ਵਿੱਚੋਂ।
ਸਰਕਾਰ ਕੀ ਹੋਈ, ਕਿ ਉਹ ਲੋਕਾਂ ਨੂੰ ਖੁਦ ਮਿਲਦੀ ਫਿਰੇ। ਲੋੜਵੰਦ ਦੀ ਮਜਬੂਰੀ, ਜਾਣਾ ਪੈਂਦਾ।ਗਿਆਂ ਦੇ ਮੂਹਰੇ ਸਰਕਾਰ ਨੀਂ, ਪੁਲਸ ਹੋ ਖੜੇ। ਔਖ ਦਿਖਾਈ ਤਾਂ ਡਾਂਗ। ਸਬੱਬੀਂ ਸਰਕਾਰ ਮਿਲ ਜਾਵੇ, ਤਾਂ ਵੀ ਉਹੀ, ਮਿੱਠੇ ਪੋਚੇ, ਲੱਕੜ ਦੇ ਪੁੱਤ।
ਉਮੀਦਵਾਰ ਖੜਾ ਕਰਨਾ, ਮੁੱਖ ਮੰਤਰੀ ਬਣਾਉਣਾ,ਸਭ "ਹਾਈ ਕਮਾਂਡ" ਦੀ ਮੁੱਠੀ ਵਿੱਚ। ਲੋਕਾਂ ਦੀ ਕੋਈ ਹਿੱਸਾਪਾਈ ਨਹੀਂ। ਫੇਰ ਵੀ ਢੱਡ ਖੜਕਾਉਂਦੇ ਨਹੀਂ ਥੱਕਦੇ, ਦੁਨੀਆਂ ਦੀ ਸਭ ਤੋਂ ਵੱਡੀ "ਜਮਹੂਰੀਅਤ" ਦੇ "ਜਸ਼ਨ" ਦੀ। "ਉੱਤਰ ਕਾਟੋ,ਮੈਂ ਚੜਾਂ" ਦੇ ਚੋਣ-ਡਰਾਮੇ ਦੀ।
ਵੋਟ-ਅਧਿਕਾਰ, ਅਸਲੀਅਤ, ਬੱਸ ਇੱਕ ਪਰਚੀ, ਗੌਂ-ਗਰਜ਼ਾਂ ਦੀ ਮੁਥਾਜ। ਜ਼ੋਰਾਵਰ ਚਾਤੁਰ, ਮੁੱਛ ਲੈ ਜਾਣ। ਲੋਕਾਂ ਦੀ ਆਰਥਿਕ ਸਮਾਜਿਕ ਹਾਲਤ, ਠੋਸ ਗਵਾਹ।ਅਧਿਕਾਰ ਉਹੀ, ਜਿਹੜਾ ਇੱਛਾ ਅਨੁਸਾਰ ਵਰਤਲੇ।ਇੱਛਾ ਪੁੱਗਦੀ ਆ, ਵਸੀਲਿਆਂ ਦੇ ਜ਼ੋਰ। ਵੋਟਰਾਂ ਦੀ ਵੱਡੀ ਗਿਣਤੀ, ਇਹਨਾਂ ਤੋਂ ਵਿਰਵੀ।ਆਰਥਿਕ, ਸਮਾਜਿਕ ਪੱਖੋਂ ਬੇ-ਵੁੱਕਤੀ। ਗਰੀਬੀ, ਲੋੜਾਂ, ਮੁਥਾਜਗੀ ਤੇ ਦਾਬੇ ਵਿੱਚ ਘਿਰੀ ਹੋਈ। ਜੀਹਦੀ ਇੱਛਾ ਦਾ ਰਾਹ ਘਿਰਦਾ। ਜੀਹਦੀ ਰਾਇ ਦਾ ਗਲ ਘੁਟਦਾ। ਜੀਹਨੇ ਅਣ ਗਿਣੇ ਵਾਰ ਇਹ 'ਵੋਟ-ਅਧਿਕਾਰ' ਵਰਤਿਆ, ਕੁਛ ਨੀਂ ਬਦਲਿਆ, ਜੂਨ ਨਹੀਂ ਸੁਧਰੀ। ਉਹਨੂੰ ਇਹੋ ਜਿਹੇ ਅਧਿਕਾਰ ਦਾ ਕੀ ਭਾਅ ਤੇ ਕੀ ਚਾਅ?
ਵੋਟਾਂ ਪਈਆਂ, ਵਿਸਰ ਗਈਆਂ।ਜਿੱਤੇ ਉਮੀਦਵਾਰ ਨੇ ਮੁੜ ਗੇੜਾ ਹੀ ਨੀਂ ਮਾਰਿਆ, ਮੁਸ਼ਕਲਾਂ ਕੀ ਸੁਣਨੀਆਂ?ਕੀਤੇ ਵਾਅਦੇ, ਉਮੀਦਵਾਰ ਦੇ ਨਾਲ ਹੀ ਫੁ..ਰ...ਰ। ਕਿਸੇ ਨੇ ਜਿੱਤ ਕੇ ਵੋਟਰਾਂ ਨੂੰ ਦੱਸੇ-ਪੁੱਛੇ ਬਿਨਾਂ ਪਾਰਟੀ ਬਦਲ ਲੀ। ਜਿਹੜੀ ਪਾਰਟੀ ਨੂੰ ਹਰਾਇਆ, ਉਸੇ ਨਾਲ ਜਾ ਜੁੜਿਆ। ਲਾਲਸਾ ਦਾ ਕੋਈ ਅੰਤ ਨਹੀਂ।ਵੋਟਰ ਬੁੜ ਬੁੜ ਕਰਦਾ ਰਹਿ ਗਿਆ।ਵਾਪਿਸ ਬੁਲਾਉਣ ਦਾ ਅਧਿਕਾਰ, ਨਹੀਂ ਦਿੱਤਾ ਕਿਸੇ ਸਰਕਾਰ।ਇਹਤੋਂ ਵੀ ਚਾਰ ਚੰਦ ਅੱਗੇ, ਲੋਕਾਂ ਨੇ ਜੀਹਨੂੰ ਹਰਾਇਆ, ਹਾਕਮਾਂ ਨੇ ਉਸੇ ਨੂੰ ਮੰਤਰੀ ਬਣਾਇਆ,ਦੇਸ਼ ਦਾ ਖਜ਼ਾਨਾ ਸੰਭਾਇਆ। ਵੋਟ ਅਧਿਕਾਰ, ਕੋਰਾ ਮਜ਼ਾਕ।
ਮਿਸਾਲ, ਇੱਕ ਬੰਦਾ,ਨਿਹੱਥਾ।ਰਾਤ ਦਾ ਵੇਲਾ। ਮੰਜ਼ਲ 'ਤੇ ਪਹੁੰਚਣਾ। ਰਸਤੇ ਦੋ। ਇੱਕ 'ਤੇ ਖੂੰਖਾਰ ਜਾਨਵਰ, ਦੂਜੇ 'ਤੇ ਬਾਰੂਦੀ ਸੁਰੰਗ। ਬੰਦੇ ਨੂੰ ਪੂਰਾ ਅਧਿਕਾਰ,ਰਸਤਾ ਚੁਣਨ ਦਾ, ਮੰਜ਼ਲ 'ਤੇ ਪਹੁੰਚਣ ਦਾ। ਹੁਣ ਬੰਦਾ ਚੁਣੇ ਤਾਂ ਕਿਹੜਾ ਰਸਤਾ ਚੁਣੇ? ਅਧਿਕਾਰ ਦੀ ਕੀ ਤੁਕ?
ਸਰਕਾਰ ਬਣਦੀ ਆ, ਸੰਵਿਧਾਨ ਅਨੁਸਾਰ।ਚੱਲਦੀ ਵੀ, ਸੰਵਿਧਾਨ ਅਨੁਸਾਰ। ਸੰਵਿਧਾਨ, ਵੱਧ ਸ਼ਕਤੀਆਂ ਦਿੰਦਾ, ਕਾਰਜ ਪਾਲਿਕਾ ਨੂੰ, ਵਿਧਾਨ ਪਾਲਿਕਾ ਦੀ ਥਾਂ।ਕਾਰਜ ਪਾਲਿਕਾ, ਲੋਕ ਨਹੀਂ ਚੁਣਦੇ। ਕਾਰਜ ਪਾਲਿਕਾ,ਮੰਤਰੀਆਂ ਦਾ ਮੰਤਰੀ ਮੰਡਲ ਤੇ ਵੱਡੀ ਅਫ਼ਸਰਸ਼ਾਹੀ।ਇਸ ਤੋਂ ਵੀ ਵਧ ਕੇ,ਸੰਵਿਧਾਨ ਤਾਂ ਵਿਧਾਇਕਾਂ ਦੇ ਦਸ ਪ੍ਰਤੀਸ਼ਤ ਨੂੰ, ਸ਼ਕਤੀ ਤੇ ਖੁੱਲ ਦਿੰਦਾ, ਸਭ ਫੈਸਲੇ ਕਰਨ ਦੀ, ਕਾਨੂੰਨ ਬਣਾਉਣ ਦੀ। ਬਾਕੀ ਨੱਬੇ ਪ੍ਰਤੀਸ਼ਤ,ਚੰਗੇ ਹੋਣ ਦਾ ਕੀ ਅਰਥ? ਨਿਰੇ ਮਿੱਟੀ ਦੇ ਬਾਵੇ, ਬੱਸ ਗਿਣਤੀ ਜੋਗੇ, ਸਹੂਲਤਾਂ ਭੋਗੇ।ਉਥੇ ਚੰਗੇ ਬੁਲਾਰੇ ਦੇ ਕੀ ਮਾਅਨੇ? ਪਿੰਜਰੇ ਦਾ ਤੋਤਾ, ਜੋ ਮਰਜ਼ੀ ਬੋਲੇ, ਵਿਖਿਆਨ ਤਾਂ ਮਾਲਕ ਨੇ ਕਰਨਾ।
ਨਰਸਿਮਾ ਰਾਓ ਤੇ ਮਨਮੋਹਨ ਸਿੰਘ ਦੀ ਦੌੜ, ਦੋਵਾਂ ਰਲ ਕੇ ਕਰਤਾ ਝੱਗਾ ਚੌੜ। "ਵੱਡਿਆਂ" ਦੇ ਵੱਡੇ ਜੀ ਹਜੂਰੀਏ, ਮੰਤਰੀ ਮੰਡਲ ਨੂੰ ਵੀ ਛੱਡਿਆ, ਦੋਵੇਂ ਜਾ ਕੇ ਹੱਥ ਵਢਾ ਆਏ। ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਦੀਆਂ ਨੀਤੀਆਂ ਲੈ ਆਏ। ਨਾਂ ਦੇਤਾ ਆਰਥਿਕ ਸੁਧਾਰਾਂ ਦਾ ਤੇ ਵਿਕਾਸ ਦਾ ਅਤੇ ਮੜਤੀਆਂ ਮੁਲਕ ਸਿਰ।ਤੀਹ ਸਾਲਾਂ ਤੋਂ ਇਹ ਸੁਧਾਰਾਂ ਤੇ ਵਿਕਾਸ ਦਾ ਬੁਲਡੋਜ਼ਰ,ਛਕਾ ਛੱਕ, ਚੱਲ ਸੋ ਚੱਲ। ਸਰਕਾਰੀ ਅਦਾਰਿਆਂ ਤੇ ਕਾਰੋਬਾਰਾਂ ਨੂੰ ਦਰੜਦਾ,ਰੁਜ਼ਗਾਰ ਛਾਂਗਦਾ,ਸਰਕਾਰੀ ਨਾਕੇ ਭੰਨਦਾ, ਦੇਸੀ ਵਿਦੇਸ਼ੀ ਲੁੱਟ ਲਈ ਰਾਹ ਪੱਧਰੇ ਕਰਦਾ। ਹੁਣ ਵਾਲੀ ਸਰਕਾਰ ਉਹਨਾਂ ਤੋਂ ਤੇਜ਼, ਬੁਲਡੋਜ਼ਰ ਦੀ ਵਧਾਈ ਰੇਸ। ਆਕਾਵਾਂ ਤੋਂ ਗੁਰਜ਼ ਪਾਈ। ਇਹੀ ਆ, ਪੁਆੜੇ ਦੀ ਜੜ੍ਹ। ਇਹੀ ਆ, ਜੀਹਨੇ ਮੁਲਕ ਤੇ ਲੋਕਾਂ ਦੀ ਆਹ ਹਾਲਤ ਬਣਾਈ।
ਇਹ ਹਾਲਤ, ਕਾਬਲੇ ਬਰਦਾਸ਼ਤ ਨਹੀਂ। ਬਦਲੇ ਬਿਨਾਂ ਜੂਨ ਸੁਧਰਦੀ ਨਹੀਂ ਦੀਂਹਦੀ। ਗਰੀਬੀ, ਮੁਥਾਜਗੀ, ਬੇਰੁਜ਼ਗਾਰੀ, ਮਹਿੰਗਾਈ, ਬੀਮਾਰੀ, ਕਰਜ਼ ਤੇ ਕਾਲੇ ਕਾਨੂੰਨ, ਕਿਸੇ ਨੂੰ ਨਹੀਂ ਪੁੱਗਦੇ, ਚੱਤੋ ਪਹਿਰ ਪੱਛਦੇ ਨੇ। ਇਹੀ ਔਖ, ਰੋਸ, ਗੁੱਸਾ ਵਧਾਉਂਦੇ ਨੇ। ਇਹੀ ਕਾਹਲ ਕਰਾਉਂਦੇ ਨੇ।ਬਦਲਣ ਦੀ ਅਣਸਰਦੀ ਲੋੜ, ਜਗਾਉਂਦੇ ਨੇ। ਬਦਲਣ ਦੀ ਸੋਚੋ। ਸਮਾਜ ਦੀਆਂ ਕੁੱਲ ਕਲਾਵਾਂ, ਜ਼ਾਲਮ ਜਾਗੀਰਦਾਰਾਂ, ਸਰਮਾਏਦਾਰਾਂ, ਸਾਮਰਾਜੀਆਂ ਤੇ ਵੱਡੀ ਅਫ਼ਸਰਸ਼ਾਹੀ ਦੇ ਜੋਕ ਧੜੇ ਦੀ ਮੁੱਠੀ 'ਚ।ਏਹ ਲੋਕ ਧੜੇ ਦੀ ਮੁੱਠੀ 'ਚ ਹੋਣ, ਸੋਚੋ।
ਆਹ ਵੋਟਾਂ, ਤੰਦੂਆ ਜਾਲ, ਉਲਝਣੋ ਬਚੋ! ਨਵੇਂ ਰਾਹ ਤਲਾਸ਼ੋ। ਲੋਕਾਂ ਦੀ ਰਾਇ ਪੁੱਗਣ ਲੱਗੇ।ਲਿਆਕਤ,ਮੇਹਨਤ ਦੀ ਕਦਰ ਪਵੇ। ਸਮਾਜਿਕ ਵੁੱਕਤ ਬਣੇ। ਪੈੜਾਂ ਪੈ ਰਹੀਆਂ ਨੇ। ਡੰਡੀਆਂ ਬਣ ਰਹੀਆਂ ਨੇ। ਪਛਾਣੋ, ਤੁਰੋ, ਰਾਹ ਬਣਾਓ, ਮੰਜ਼ਲ ਪਾਓ। ਵਾਟ ਤਾਂ ਤੁਰਿਆਂ ਹੀ ਮੁੱਕਣੀ ਐ। ਤੁਰਨਾ ਖੁਦ ਨੂੰ ਹੀ ਪੈਣਾ।
ਜਥੇਬੰਦੀਆਂ ਨੇ ਉੱਤਾ ਚੱਕਿਆ, ਕਈ ਕੁਝ ਕਰਵਾਇਆ ਆਵਦੇ ਮੂਜਬ। ਜਥੇਬੰਦਕ ਸੰਘਰਸ਼ਾਂ ਨੇ ਚੰਗੀਆਂ ਤੇ ਉਤਸ਼ਾਹੀ ਪੈੜਾਂ ਪਾਈਆਂ ਹੋਈਆਂ।ਕੁਝ ਵੰਨਗੀਆਂ, ਅਦਾਲਤੀ ਹੁਕਮਾਂ 'ਤੇ ਕਰਜ਼-ਟੁੱਟੇ ਕਿਸਾਨਾਂ ਦੀਆਂ ਕੁਰਕੀਆਂ, ਨਹੀਂ ਹੋਣ ਦਿੱਤੀਆਂ। ਚੱਠੇਵਾਲਾ (ਬਠਿੰਡਾ) ਤੇ ਅਲੀਸ਼ੇਰ(ਮਾਨਸਾ) ਮੀਲ ਪੱਥਰ। ਮਾਲਵੇ 'ਚ ਨਰਮੇ ਖ਼ਰਾਬੇ ਦਾ ਮੁਆਵਜ਼ਾ,10 ਕਰੋੜ ਤੋਂ 664 ਕਰੋੜ ਕਿਸਾਨਾਂ ਲਈ ਤੇ 64 ਕਰੋੜ ਖੇਤ ਮਜ਼ਦੂਰਾਂ ਲਈ। ਬਿਜਲੀ ਕਾਨੂੰਨ-2003 ਨੂੰ ਲਾਗੂ ਕਰਨ ਤੋਂ 7 ਸਾਲ ਰੋਕੀ ਰੱਖਿਆ।ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਕਾਨੂੰਨ ਬਣਵਾਇਆ। ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਕਰਨੋ ਰੋਕਿਆ।ਤਾਜ਼ਾ ਮਿਸਾਲਾਂ, ਵਿਦਿਆਰਥੀਆਂ ਨੇ ਵੀ ਸੀ ਘੇਰਿਆ, ਤੁਰੰਤ ਮਨਾਇਆ,ਫੀਸ ਘਟਵਾਈ। ਜਥੇਬੰਦੀਆਂ ਦਾ ਝੰਡਾ,ਟੋਲ ਦੇ ਡੰਡੇ ਨੂੰ ਕਾਫ਼ੀ ਸਮੇਂ ਤੋਂ ਚੱਕਦਾ ਆ ਰਿਹੈ। ਹੁਣ ਹਰ ਇੱਕ ਲਈ ਚੱਕਤਾ। ਕਾਰਪੋਰੇਟਰਾਂ ਦੇ ਕੰਨ ਮਰੋੜੇ, ਪਲਾਂਟ,ਮਾਲ ਤੇ ਸਟੋਰ ਘੇਰੇ।
ਇਹ ਜਥੇਬੰਦ ਸੰਘਰਸ਼ਾਂ ਦਾ ਰਾਹ, ਸਮੂਹਿਕ ਰਜ਼ਾ ਦਾ ਰਾਹ।ਜਥੇਬੰਦੀਆਂ ਦੇ ਮੇਚ ਦਾ ਰਾਹ। ਪੂਰੀ ਤਬਦੀਲੀ ਤੋਂ ਪਹਿਲਾਂ,ਇਹ ਵੱਡੀ ਤਬਦੀਲੀ ਦਾ ਇੱਕ ਰਾਹ।ਵੋਟਾਂ ਦੇ ਰਾਹ ਤੋਂ ਵੱਖਰਾ, ਬਦਲਵਾਂ ਰਾਹ। ਜੋਕਾਂ ਨਾਲ ਲੋਕਾਂ ਦਾ ਟਕਰਾਵਾਂ ਰਾਹ।
ਜਥੇਬੰਦੀਆਂ ਤੋਂ ਅੱਗੇ ਦਾ ਰਾਹ, ਲੋਕ ਧੜੇ ਦੀ ਸਮੂਹਿਕ ਰਜ਼ਾ ਦਾ ਰਾਹ। ਸਿਆਸੀ ਪਲੇਟਫਾਰਮ ਦਾ ਰਾਹ। ਪਿੰਡਾਂ, ਸ਼ਹਿਰਾਂ ਵਿੱਚ ਦੀ ਹੁੰਦਾ ਹੋਇਆ,ਮੁਲਕ ਪੱਧਰ 'ਤੇ ਸਿਆਸੀ ਪੁੱਗਤ ਦਾ ਰਾਹ। ਲੋਕ ਧੜੇ ਦੀ ਸਮੂਹਿਕ ਰਜ਼ਾ ਦੇ ਰਾਜ ਦਾ ਰਾਹ। ਏਸੇ ਰਾਹ,ਆਹ ਵੋਟ ਲੀਡਰਾਂ ਤੋਂ ਖਹਿੜਾ ਛੁੱਟੂ, ਲੋਕ-ਵਿਕਾਸ ਨੂੰ ਲੱਗਿਆ ਮੋਂਦਾ ਟੁੱਟੂ। ਕੁੱਲ ਕਲਾਵਾਂ ਲੋਕਾਂ ਹੱਥ, ਫ਼ੈਸਲਿਆਂ ਵਾਸਤੇ ਜੁੜੂ ਸੱਥ।ਲੋਕਾਂ ਨੂੰ ਹੋਊ ਵੋਟ ਦਾ ਸੱਚਾ ਅਧਿਕਾਰ, ਜੋਕਾਂ ਨੂੰ ਰੱਖ ਕੇ ਵੋਟਾਂ ਤੋਂ ਬਾਹਰ। ਚੁਣਨ ਤੇ ਵਾਪਸ ਬੁਲਾਉਣ ਦਾ ਵੀ ਅਧਿਕਾਰ। ਲੋਕ ਹੀ ਅਫਸਰ-ਜੱਜ ਚੁਣਨਗੇ, ਐਮ ਐਲਿਆਂ ਤੇ ਐਮ ਪੀਆਂ ਵਾਂਗੂ। ਨਾ ਕੋਈ ਨੀਵਾਂ ਤੇ ਨਾ ਕੋਈ ਉੱਚਾ, ਨਾ ਕੋਈ ਸੌਂਵੇਗਾ ਭੁੱਖਾ।ਹਰ ਹੱਥ ਨੂੰ ਮਿਲੂ ਰੁਜ਼ਗਾਰ, ਕੋਈ ਨਾ ਹੋਊ ਸਮਾਜ 'ਤੇ ਭਾਰ।ਸਭ ਨਰ ਨਾਰੀ ਇੱਕ ਸਮਾਨ,ਕਿਰਤ ਦਾ ਹਰ ਥਾਂ ਸਨਮਾਨ। ਲੁੱਟ-ਦਾਬਾ ਨਾ ਜਾਤ-ਪਾਤ,ਧਰਮ ਦੇ ਨਾਂ 'ਤੇ ਨਾ ਕਤਲ ਫਸਾਦ। ਏਸੇ ਰਾਹ, ਸੋਨ-ਸਵੇਰ, ਤੁਰੋ, ਲਾਓ ਨਾ ਦੇਰ।
ਸੰਪਰਕ:9417224822