ਨਵੀਂ ਦਿੱਲੀ, 22 ਜੂਨ, ਦੇਸ਼ ਕਲਿਕ ਬਿਊਰੋ :
ਸਾਊਦੀ ਅਰਬ ਦੇ ਮੱਕਾ 'ਚ ਇਸ ਸਾਲ ਹੱਜ ਕਰਨ ਗਏ 98 ਭਾਰਤੀਆਂ ਦੀ ਮੌਤ ਹੋ ਗਈ ਹੈ। ਵਿਦੇਸ਼ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਸਾਰੇ ਲੋਕਾਂ ਦੀ ਮੌਤ ਦਾ ਕਾਰਨ ਬੀਮਾਰੀ ਅਤੇ ਬੁਢਾਪਾ ਦੱਸਿਆ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਹਰ ਸਾਲ ਵੱਡੀ ਗਿਣਤੀ 'ਚ ਭਾਰਤੀ ਹੱਜ ਯਾਤਰਾ 'ਤੇ ਜਾਂਦੇ ਹਨ। ਇਸ ਸਾਲ ਵੀ 1,75,000 ਲੋਕ ਹੱਜ ਕਰਨ ਲਈ ਸਾਊਦੀ ਅਰਬ ਗਏ ਹਨ। ਵਿਦੇਸ਼ ਮੰਤਰਾਲੇ ਨੇ ਅੱਗੇ ਕਿਹਾ ਕਿ ਪਿਛਲੇ ਸਾਲ ਹੱਜ ਯਾਤਰਾ ਦੌਰਾਨ 187 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਸੀ।
ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਮੱਕਾ ਵਿੱਚ ਸਾਡਾ ਹੱਜ ਮਿਸ਼ਨ ਕੰਮ ਕਰ ਰਿਹਾ ਹੈ। ਯਾਤਰੀਆਂ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਅਸੀਂ ਇਸ ਤਰ੍ਹਾਂ ਦੇ ਹਾਦਸੇ 'ਤੇ ਤੁਰੰਤ ਕਾਰਵਾਈ ਕਰਦੇ ਹਾਂ। ਸਾਰਿਆਂ ਦਾ ਧਿਆਨ ਰੱਖਿਆ ਜਾਂਦਾ ਹੈ। ਮੰਤਰਾਲੇ ਨੇ ਕਿਹਾ ਕਿ ਮੱਕਾ ਵਿੱਚ ਬਹੁਤ ਗਰਮੀ ਹੈ। ਉੱਥੇ ਲੋਕ ਗਰਮੀ ਦਾ ਸ਼ਿਕਾਰ ਵੀ ਹੋ ਰਹੇ ਹਨ।