ਗੰਗਟੋਕ, 14 ਜੂਨ, ਦੇਸ਼ ਕਲਿਕ ਬਿਊਰੋ :
ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਉੱਤਰੀ ਸਿੱਕਮ ਦੇ ਕਈ ਇਲਾਕਿਆਂ 'ਚ ਭਾਰੀ ਤਬਾਹੀ ਹੋਈ ਹੈ। ਜ਼ਮੀਨ ਖਿਸਕਣ ਅਤੇ ਹੜ੍ਹਾਂ ਵਿੱਚ ਸੈਂਕੜੇ ਘਰ ਅਤੇ ਕਈ ਸੜਕਾਂ ਰੁੜ੍ਹ ਗਈਆਂ ਹਨ। ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਭ ਤੋਂ ਵੱਧ ਤਬਾਹੀ ਸਿੱਕਮ ਦੇ ਮਾਂਗਨ ਜ਼ਿਲ੍ਹੇ ਵਿੱਚ ਹੋਈ ਹੈ। ਇੱਕ ਦਿਨ ਵਿੱਚ 220 ਮਿਲੀਮੀਟਰ ਤੋਂ ਵੱਧ ਬਾਰਿਸ਼ ਕਾਰਨ ਪਿਛਲੇ ਸਾਲ 4 ਅਕਤੂਬਰ ਨੂੰ ਆਏ ਭਿਆਨਕ ਹੜ੍ਹ ਤੋਂ ਬਾਅਦ ਬਣਿਆ ਸੰਗਕਲਾਂਗ ਪੁਲ ਵੀ ਵੀਰਵਾਰ ਦੁਪਹਿਰ ਢਹਿ ਗਿਆ। ਇਸ ਕਾਰਨ ਜ਼ੋਂਘੂ, ਚੁੰਗਥਾਂਗ, ਲਾਚੇਨ ਅਤੇ ਲਾਚੁੰਗ ਨਾਲ ਸੰਪਰਕ ਟੁੱਟ ਗਿਆ ਹੈ। ਇਨ੍ਹਾਂ ਖੇਤਰਾਂ ਵਿੱਚ ਹੁਣ ਨਾ ਤਾਂ ਫ਼ੋਨ ਸੰਪਰਕ ਹੈ ਅਤੇ ਨਾ ਹੀ ਸੜਕਾਂ। ਬਿਜਲੀ ਦੇ ਖੰਭੇ ਵੀ ਰੁੜ੍ਹ ਗਏ ਹਨ।
ਸਿੱਕਮ 'ਚ ਰਾਹਤ ਅਤੇ ਬਚਾਅ ਕਾਰਜਾਂ 'ਚ ਲੱਗੇ ਆਫਤ ਪ੍ਰਬੰਧਨ ਅਧਿਕਾਰੀਆਂ ਨੇ ਦੱਸਿਆ ਕਿ ਸੈਰ-ਸਪਾਟਾ ਸਥਾਨ ਲਾਚੁੰਗ ਅਤੇ ਚੁੰਗਥਾਂਗ 'ਚ ਕਰੀਬ 2 ਹਜ਼ਾਰ ਸੈਲਾਨੀ ਫਸੇ ਹੋਏ ਹਨ। ਹੁਣ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਹੀ ਬਚਾਇਆ ਜਾ ਸਕਦਾ ਹੈ ਪਰ ਫਿਲਹਾਲ ਹੈਲੀਕਾਪਟਰ ਦਾ ਉੱਡਣਾ ਸੰਭਵ ਨਹੀਂ ਹੈ।