ਚੰਡੀਗੜ੍ਹ: 13 ਜੂਨ, ਦੇਸ਼ ਕਲਿੱਕ ਬਿਓਰੋ
ਤੀਜੀ ਵਾਰੀ ਬਣੀ ਮੋਦੀ ਸਰਕਾਰ ਕੀ ਪਹਿਲੀਆਂ ਦੋ BJP ਸਰਕਾਰਾਂ ਵਾਂਗ ਚੱਲ ਸਕੇਗੀ ਜਾਂ ਕੁੱਝ ਫ਼ਰਕ ਨਾਲ ਚੱਲੇਗੀ ਜਾਂ ਆਪਣਾ ਸਮਾਂ ਪੂਰਾ ਕਰਨ ਤੋਂ ਪਹਿਲਾਂ ਹੀ ਟੁੱਟ ਜਾਵੇਗੀ? ਹੁਣ ਇਹ BJP ਸਰਕਾਰ ? ਜਾਂ ਮੋਦੀ ਸਰਕਾਰ ? ਜਾਂ NDA ਸਰਕਾਰ ਕਹਾਏਗੀ? ਇਸ ਗੇੜ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਇਸ ਸਰਕਾਰ ਨੂੰ ਪੇਸ਼ ਹੋਰ ਗੰਭੀਰ ਸਥਿੱਤੀਆਂ ਤੇ ਵੀ ਵਿਚਾਰ ਕਰਨਾ ਪਵੇਗਾ। ਪਹਿਲੀ ਸਥਿੱਤੀ NDA ਭਾਈਵਾਲਾਂ ( partners ) ਦੀ, ਦੂਜੀ ਆਰ ਐਸ ਐੱਸ (RSS)ਤੇ BJP ਨਾਲ ਮੋਦੀ ਦਾ ਰਿਸ਼ਤਾ ਤੇ ਤੀਜਾ RSS ਦੀ ਵਿਚਾਰਧਾਰਾ ਨਾਲ ਜੁੜੇ ਮੁੱਦਿਆਂ ਦੀ।
NDA ਦੇ ਭਾਈਵਾਲ਼ਾਂ ਵਿੱਚ ਦੋ ਵੱਡੇ ਹਿੱਸੇਦਾਰ TDP ਤੇ JD(U) ਹਨ। ਦੋਵੇਂ NDA ਦੇ ਹਿੱਸੇਦਾਰ ਰਹਿ ਚੁੱਕੇ ਹਨ। ਚੰਦਰਾ ਬਾਬੂ ਨਾਇਡੂ ਨੂੰ ਭਾਜਪਾ ਨਾਲ ਭਾਈਵਾਲੀ ਦਾ ਤਲਖ ਤਜਰਬਾ ਹੈ ਅਤੇ ਨਿਤੀਸ਼ ਕੁਮਾਰ ਤਾਂ ਵਾਰ ਵਾਰ ਭਾਜਪਾ ਨਾਲ ਰਹੇ ਹਨ। ਦੋਵੇਂ ਚੰਗੀ ਤਰ੍ਹਾਂ ਜਾਣਦੇ ਹਨ ਕਿ ਬੀਜੇਪੀ ਹਿੱਸੇਦਾਰ ਬਣਾਕੇ ਆਪਣੇ ਭਾਈਵਾਲ਼ਾਂ ਨੂੰ ਖਤਮ ਕਰਨ ਦਾ ਰਾਹ ਚੁਣਦੀ ਹੈ। ਉੱਤਰੀ ਪੂਰਬੀ ਸੂਬਿਆਂ ‘ਚ BJP ਦਾ ਕੁੱਝ ਵੀ ਨਹੀਂ ਸੀ ਪਰ ਹੌਲੀ ਹੌਲੀ ਇਸ ਨੇ ਭਾਈਵਾਲ਼ਾਂ ਦੀ ਬਲੀ ਲੈਣੀ ਸ਼ੁਰੂ ਕੀਤੀ। ਮਹਾਂਰਾਸ਼ਟਰ ਵਿੱਚ ਸ਼ਿਵਸੈਨਾ ( Shivsena) ਤੇ NCP ‘ਚ ਫੁੱਟ ਪਾਈ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ, ਹਰਿਆਣਾ ਵਿੱਚ JJP, ਬਿਹਾਰ ਵਿੱਚ JD(U) ਦੀ ਹਾਲਤ ਸਭ ਦੇ ਸਾਹਮਣੇ ਹੈ। ਸੋ ਦੋਵੇਂ ਭਾਈਵਾਲ਼ ਆਪਣੇ ਸੂਬਿਆਂ ਨੂੰ ਕੇਂਦਰ ਤੋਂ ਵੱਡੀ ਰਾਹਤ ਭਾਵ ਸੂਬਿਆਂ ਨੂੰ ਵਿਸ਼ੇਸ਼ ਦਰਜਾ ਦਵਾ ਕੇ ਆਪਣੀ ਪੁਜੀਸ਼ਨ ਮਜਬੂਤ ਬਨਾਉਣ ਲਈ ਦਬਾਅ ਬਣਾ ਕੇ ਰੱਖ ਸਕਦੇ ਹਨ। ਦੋਵੇਂ ਵੱਡੇ ਭਾਈਵਾਲ਼ ਹੁਣ ਭਾਜਪਾ ਦੀਆਂ ਫੁੱਟਪਾਊ ਚਾਲਾਂ ‘ਤੇ ਨਜ਼ਰ ਰੱਖਣਗੇ। ਇਸ ਤੋਂ ਬਚਾਅ ਲਈ ਚੰਦਰ ਬਾਬੂ ਨਾਇਡੂ ਦੀ ਨਜ਼ਰ ਲੋਕ ਸਭਾ ਸਪੀਕਰ ਦੀ ਕੁਰਸੀ ‘ਤੇ ਟਿਕੀ ਹੋਈ ਹੈ ਤਾਂ ਕਿ ਭਾਜਪਾ ਮਹਾਂਰਸ਼ਟਰ ਵਾਲਾ ਇਤਿਹਾਸ ਨਾ ਦੁਹਰਾਅ ਸਕੇ। ਦੂਜੀ ਸਥਿੱਤੀ RSS ਤੇ BJP ਦੇ ਪ੍ਰਧਾਨ ਮੰਤਰੀ ਮੋਦੀ ਨਾਲ ਸੰਬੰਧਾਂ ਦੀ ਹੈ। ਪਿਛਲੀ ਸਰਕਾਰ ਵਿੱਚ ਤਾਂ ਨਰਿੰਦਰ ਮੋਦੀ ਹੀ ਪਾਰਟੀ ਤੇ ਸਰਕਾਰ ਰਹੇ ਹਨ ਅਤੇ ਨਰਿੰਦਰ ਮੋਦੀ ਤੇ ਅਮਿੱਤ ਸ਼ਾਹ ਦੀ ਜੋੜੀ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਪਾਰਟੀ ਦੇ ਦਿੱਗਜ ਨੇਤਾਵਾਂ ਨੂੰ ਪਿੱਛੇ ਧੱਕ ਕੇ ਆਪਣੇ ਪਿੱਛਲੱਗਾਂ ਨੂੰ ਮੁੱਖ ਮੰਤਰੀ ਤੱਕ ਬਣਾ ਦਿੱਤਾ। ਪਾਰਟੀ ਪ੍ਰਧਾਨ ਨੱਢਾ ਨੇ ਤਾਂ ਆਰ ਐੱਸ ਐੱਸ ਬਾਰੇ ਸ਼ਰੇਆਮ ਬੋਲ ਦਿੱਤਾ ਸੀ ਕਿ ਹੁਣ ਇਸ ਦੀ ਲੋੜ ਨਹੀਂ। ਹਾਲਾਂਕਿ ਆਰ ਐੱਸ ਐੱਸ ਨੇ ਇਸ ਵਾਰ ਮੋਦੀ ਨੂੰ ਝਟਕਾ ਵੀ ਦਿੱਤਾ ਸੀ। ਪਾਰਟੀ ਦੇ ਅੱਖੋਂ ਓਹਲੇ ਕੀਤੇ ਕੱਦਾਵਰ ਨੇਤਾਵਾਂ ਦਾ ਰੁਖ ਵੀ ਮੋਦੀ ਪ੍ਰਤੀ ਇਸ ਵਾਰ ਸਹਿਜ ਨਹੀਂ ਹੋਵੇਗਾ ਬਲਕਿ ਦਾਅ ਲੱਗਦਿਆਂ ਸੱਟ ਮਾਰਨ ਵਾਲਾ ਰਹੇਗਾ। ਅਜਿਹੀ ਹਾਲਤ ਮੋਦੀ ਨੂੰ ਵੱਧ ਸੋਚ ਸਮਝ ਕੇ ਚੱਲਣ ਤੇ ਪਾਰਟੀ ਤੇ ਆਰ ਐੱਸ ਐੱਸ ਨੂੰ ਭਰੋਸੇ ‘ਚ ਲੈ ਕੇ ਚੱਲਣ ਲਈ ਮਜਬੂਰ ਕਰੇਗੀ। ਤੀਜੀ ਸਥਿੱਤੀ ਭਾਜਪਾ ਵੱਲੋਂ ਚੁੱਕੇ ਜਾਣ ਵਾਲੇ ਮੁੱਦਿਆਂ ਦੀ ਹੈ। ਸਰਕਾਰੀ ਪੱਧਰ ਤੇ ਮੁਸਲਮਾਨਾਂ ਖਿਲਾਫ ਕੀਤਾ ਜਾਂਦਾ ਰਿਹਾ ਪ੍ਰਚਾਰ, UCC, CAA ਦੇ ਮੁੱਦੇ ਹੁਣ ਇਸ ਸਰਕਾਰ ਦੇ ਮੁੱਦੇ ਨਹੀਂ ਰਹਿਣਗੇ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਮੋਦੀ ਨੂੰ ਹੁਣ ਆਪਣੀ ਗਰੰਟੀ ਦਾ ਰਾਗ ਵੀ ਬੰਦ ਕਰਨਾ ਪਵੇਗਾ।
ਸਰਕਾਰ ਦੀ ਸਭ ਤੋਂ ਦੁਖਦੀ ਰਗ ਇਸ ਵਾਰ ਵਿਰੋਧੀ ਧਿਰ ਦਾ ਮਜ਼ਬੂਤ ਹੋਣਾ ਹੈ। ਭਾਵੇਂ ਪ੍ਰਧਾਨ ਮੰਤਰੀ ਮੋਦੀ ਵੀ ਹੋਰ ਛੋਟੀਆਂ ਪਾਰਟੀਆਂ ਤੇ ਨਿਰਦਲੀਆਂ ਨੂੰ ਆਪਣੇ ਵਿੱਚ ਰਲਾਉਣ ਤੇ ਨਜ਼ਰ ਰੱਖਣਗੇ ਪਰ ਇੰਡੀਆ ਗਰੁੱਪ ਦੀ ਕਿਸੇ ਵੇਲੇ ਇੰਡੀਆ ਨੂੰ ਖੜਾ ਕਰਨ ਵਾਲੇ ਤੇ ਉਸਦਾ ਹਿੱਸਾ ਰਹੇ ਨਿਤੀਸ਼ ਕੁਮਾਰ ਤੇ ਵੀ ਅੱਖ ਰਹੇਗੀ। ਕਾਰਨ ਇਹ ਹੈ ਕਿ ਨਿਤੀਸ਼ ਕੁਮਾਰ ਤੇ ਚੰਦਰਾ ਬਾਬੂ ਨਾਇਡੂ ਮੋਦੀ ਦੇ ਉਹਨਾਂ ਪ੍ਰਤੀ ਰਹੇ ਵਿਹਾਰ (ਏਜੰਸੀਆਂ ਦੀ ਵਰਤੋਂ ਦੀਆਂ ਧਮਕੀਆਂ) ਤੋਂ ਔਖੇ ਰਹੇ ਹਨ।ਹਾਲਾਤ ਕਿਸੇ ਵੇਲੇ ਵੀ ਮੋਦੀ ਸਰਕਾਰ ਦੇ ਘੱਟਗਿਣਤੀ ‘ਚ ਆਉਣ ਤੇ ਅੰਤ ਸਰਕਾਰ ਟੁੱਟ ਜਾਣ ਦੇ ਬਣੇ ਰਹਿਣ ਦਾ ਡਰ ਛਾਇਆ ਰਹੇਗਾ।
ਇਹੀ ਕਾਰਨ ਹੈ ਕਿ ਹੁਣ ਨਰਿੰਦਰ ਮੋਦੀ ਪਿਛਲੀਆਂ ਦੋ ਸਰਕਾਰਾਂ ਵੇਲੇ ਦੀ ਭਾਸ਼ਾ ਤੇ ਹੰਕਾਰ ਤਿਆਗ ਕੇ ਆਪਣਾ ਸਾਰਾ ਢੰਗ ਬਦਲਣਾ ਪਵੇਗਾ। ਸੋ ਅਜਿਹੇ ਹਾਲਾਤ ਮੋਦੀ ਨੂੰ ਪਰੇਸ਼ਾਨ ਕਰਦੇ ਰਹਿਣਗੇ।