ਨਵੀਂ ਦਿੱਲੀ, 11 ਜੂਨ, ਦੇਸ਼ ਕਲਿੱਕ ਬਿਓਰੋ :
ਕਈ ਵਾਰ ਸ਼ਰਾਰਤ ਕੀਤੀ ਹੋਈ ਭਾਰੀ ਪੈ ਜਾਂਦੀ ਹੈ। ਇਕ ਬੱਚੇ ਨੇ ਅਜਿਹੀ ਸ਼ਰਾਰਤ ਕੀਤੀ ਕਿ ਦਿੱਲੀ ਤੋਂ ਲੈ ਕੇ ਕੈਨੇਡਾ ਤੱਕ ਸਭ ਨੂੰ ਇਕ ਵਾਰ ਹੱਥਾਂ ਪੈਰਾਂ ਦੀ ਪੈ ਗਈ ਸੀ। ਮਾਮਲਾ ਇਹ ਹੈ ਕਿ ਬੀਤੇਂ ਦਿਨੀਂ ਦਿੱਲੀ ਤੋਂ ਟੋਰਾਂਟੋ ਜਾਣ ਵਾਲੀ ਫਲਾਈਟ ਵਿੱਚ ਬੰਬ ਦੀ ਖਬਰ ਆਈ ਸੀ। ਧਮਕੀ ਭਰੀ ਈਮੇਲ ਨਾਲ 4 ਜੂਨ ਦੀ ਰਾਤ ਇੰਦਰਾ ਗਾਂਧੀ ਏਅਰਪੋਰਟ ਤੋਂ ਕੈਨੇਡਾ ਤੱਕ ਭਾਜੜਾਂ ਪੈ ਗਈਆਂ ਸਨ। ਹੁਣ ਜਾਂਚ ਵਿੱਚ ਵੱਡਾ ਖੁਲਾਸਾ ਹੋਇਆ ਹੈ, ਇਸ ਤੋਂ ਪੁਲਿਸ ਵੀ ਹੈਰਾਨ ਹੈ। ਇਹ ਸਭ ਕੁਝ ਇਕ 13 ਸਾਲਾ ਬੱਚੇ ਨੇ ਸ਼ਰਾਰਤ ਵਿੱਚ ਕੀਤਾ ਸੀ। ਦਿੱਲੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਇਸ ਤਰ੍ਹਾਂ ਦੀ ਅਫਵਾਹ ਫੈਲਾਉਣ ਤੋਂ ਬਚਣ ਦੀ ਅਪੀਲ ਕੀਤੀ ਹੈ। ਬੀਤੇ ਦਿਨੀਂ ਦਿੱਲੀ ਸਮੇਤ ਕਈ ਸੂਬਿਆਂ ਵਿੱਚ ਏਅਰਪੋਰਟ, ਸਕੂਲ, ਹਸਪਤਾਲ ਆਦਿ ਵਿੱਚ ਬੰਦ ਹੋਣ ਦਾ ਦਾਅਵਾ ਕਰਦੇ ਹੋਏ ਈਮੇਲ ਭੇਜੇ ਗਏ ਸਨ।
ਪੁਲਿਸ ਨੇ ਦੱਸਿਆ ਕਿ 4 ਜੂਨ ਦੀ ਰਾਤ 11.25 ਵਜੇ ਪੀਸੀਆਰ ਕਾਲ ਕਰਕੇ ਸੂਚਨਾ ਦਿੱਤੀ ਗਈ ਕਿ ਦਿੱਲੀ ਤੋਂ ਟੋਰਾਂਟੋ ਲਈ ਉਡਾਨ ਭਰਨ ਜਾ ਰਹੀ ਫਲਾਈਟ ਵਿੱਚ ਬੰਬ ਹੋਣ ਦੀ ਧਮਕੀ ਦਿੱਤੀ ਗਈ ਹੈ। ਦਿੱਲੀ ਏਅਰਪੋਰਟ ਉਤੇ ਹਾਈ ਅਲਰਟ ਅਤੇ ਪੂਰੀ ਐਂਮਰਜੈਂਸੀ ਦਾ ਐਲਾਨ ਕੀਤਾ ਗਿਆ। ਜਹਾਜ਼ ਦੀ ਜਾਂਚ ਕੀਤੀ ਗਈ। ਪ੍ਰੰਤੂ ਕੁਝ ਵੀ ਸ਼ੱਕੀ ਨਹੀਂ ਮਿਲਿਆ। ਏਅਰ ਕੈਨੇਡਾ ਏਅਰਲਾਈਨਜ਼ ਦੀ ਸ਼ਿਕਾਇਤ ਉਤੇ ਪੁਲਿਸ ਨੇ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕੀਤੀ।
ਜਾਂਚ ਵਿੱਚ ਪਤਾ ਚਲਿਆ ਕਿ ਜਿਸ ਈਮੇਲ ਰਾਹੀਂ ਧਮਕੀ ਦਿੱਤੀ ਗਈ ਉਸ ਨੂੰ 1-2 ਘੰਟੇ ਪਹਿਲਾਂ ਹੀ ਬਣਾਇਆ ਗਿਆ ਹੈ। ਧਮਕੀ ਦੇਣ ਦੇ ਬਾਅਦ ਈਮੇਲ ਆਈਡੀ ਡਿਲੀਟ ਕਰ ਦਿੱਤੀ ਗਈ। ਪੁਲਿਸ ਨੇ ਪਤਾ ਲਗਾਇਆ ਕਿ ਈਮੇਲ ਆਈਡੀ ਨੂੰ ਯੂਪੀ ਦੇ ਮੇਰਠ ਵਿੱਚ ਬਣਾਇਆ ਗਿਆ ਸੀ। ਕੜੀਆਂ ਨੂੰ ਜੋੜਦੇ ਹੋਏ ਪੁਲਿਸ ਆਰੋਪੀ ਤੱਕ ਪਹੁੰਚੀ ਤਾਂ ਉਹ ਇਕ 13 ਸਾਲ ਦਾ ਬੱਚਾ ਨਿਕਲਿਆ। ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਖ਼ਬਰਾਂ ਦੇਖਦੇ ਹੋਏ ਉਸ ਨੂੰ ਸ਼ਰਾਰਤ ਸੂਝੀ ਸੀ। ਉਸਨੇ ਟੀਵੀ ਉਤੇ ਦੇਖਿਆ ਸੀ ਕਿ ਮੁੰਬਈ ਏਅਰਪੋਰਟ ਉਤੇ ਫਲਾਈਟ ਵਿੱਚ ਬੰਬ ਹੋਣ ਦੀ ਝੂਠੀ ਸੂਚਨਾ ਦਿੱਤੀ ਗਈ ਸੀ।
ਇਹ ਦੇਖਣਾ ਚਾਹੁੰਦਾ ਸੀ ਕਿ ਜੇਕਰ ਉਹ ਸੀਕ੍ਰੇਟ ਤਰੀਕੇ ਨਾਲ ਅਜਿਹੀ ਸੂਚਨਾ ਦੇਵੇ ਤਾਂ ਕੀ ਪੁਲਿਸ ਉਸ ਨੂੰ ਫੜ੍ਹ ਸਕਦੀ ਹੈ। ਆਪਣੀ ਮਾਂ ਦੇ ਫੋਨ ਤੋਂ ਵਾਈ ਫਾਈ ਵਰਤੋਂ ਕਰਕੇ ਉਸਨੇ ਆਪਣੇ ਫੋਨ ਵਿੱਚ ਇਕ ਫੇਕ ਈਮੇਲ ਆਈਡੀ ਬਣਾਈ। ਈਮੇਲ ਭੇਜਣ ਦੇ ਬਾਅਦ ਉਸਨੇ ਉਸਨੂੰ ਡੀਲੀਟ ਕਰ ਦਿੱਤਾ। ਉਸਨੇ ਇਹ ਵੀ ਕਿਹਾ ਕਿ ਅਗਲੇ ਦਿਨ ਟੀਵੀ ਉਤੇ ਬੰਬ ਵਾਲੀ ਖਬਰ ਦੇਖਦੇ ਉਹ ਉਤਸ਼ਾਹਿਤ ਸੀ। ਡਰ ਕਾਰਨ ਉਸਨੇ ਰਾਜ ਕਿਸੇ ਨੂੰ ਨਹੀਂ ਦੱਸਿਆ। ਪੁਲਿਸ ਨੇ ਘਟਨਾ ਵਿੱਚ ਵਰਤੇ ਦੋਵੇਂ ਫੋਨ ਜ਼ਬਤ ਕਰ ਲਏ। ਬੱਚੇ ਨੂੰ ਹਿਰਾਸਤ ਵਿੱਚ ਲੈ ਕੇ ਜੁਵੇਨਾਈਲ ਜਸਟਿਸ ਬੋਰਡ ਸਾਹਮਣੇ ਪੇਸ਼ ਕੀਤਾ ਗਿਆ। ਜੇਜੇਬੀ ਦੇ ਹੁਕਮ ਉਤੇ ਬੱਚੇ ਨੂੰ ਫਿਲਹਾਲ ਮਾਂ-ਬਾਪ ਨੂੰ ਸੌਂਪ ਦਿੱਤਾ ਗਿਆ।