ਮੁੰਬਈ, 10 ਜੂਨ, ਦੇਸ਼ ਕਲਿਕ ਬਿਊਰੋ :
ਮੁੰਬਈ ਵਿੱਚ ਉਸਾਰੀ ਅਧੀਨ ਪੰਜ ਮੰਜ਼ਿਲਾ ਇਮਾਰਤ ਦੀ ਸਲੈਬ ਅਤੇ ਪੈਰਾਪੈਟ ਦਾ ਇੱਕ ਹਿੱਸਾ ਡਿੱਗਣ ਕਾਰਨ ਇੱਕ ਵਿਅਕਤੀ ਅਤੇ ਇੱਕ 10 ਸਾਲਾ ਲੜਕੇ ਦੀ ਮੌਤ ਹੋ ਗਈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਅੱਜ ਸੋਮਵਾਰ ਨੂੰ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ 11.10 ਵਜੇ ਵਿਖਰੋਲੀ ਇਲਾਕੇ ਦੇ ਕੈਲਾਸ਼ ਬਿਜ਼ਨਸ ਪਾਰਕ 'ਚ ਵਾਪਰੀ। ਜ਼ਿਕਰਯੋਗ ਹੈ ਕਿ ਐਤਵਾਰ ਰਾਤ ਮੁੰਬਈ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਪਿਆ।
ਇਕ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਜਦੋਂ ਬਚਾਅ ਕਰਮੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਪੈਰਾਪੈਟ ਅਤੇ ਸਲੈਬ ਦਾ ਕੁਝ ਹਿੱਸਾ ਢਹਿ ਗਿਆ ਸੀ। ਇਹ ਵੀ ਦੇਖਿਆ ਗਿਆ ਕਿ ਉਸਾਰੀ ਅਧੀਨ ਇਮਾਰਤ ਦੇ ਕੁਝ ਹਿੱਸੇ ਖਤਰਨਾਕ ਢੰਗ ਨਾਲ ਲਟਕ ਰਹੇ ਸਨ। ਬਚਾਅ ਕਰਮੀਆਂ ਨੇ ਤੁਰੰਤ ਉਨ੍ਹਾਂ ਨੂੰ ਹਟਾ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ, ਕੁਝ ਸਥਾਨਕ ਲੋਕ 38 ਸਾਲਾ ਵਿਅਕਤੀ ਅਤੇ ਲੜਕੇ ਨੂੰ ਰਾਜਾਵਾੜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।