ਨਵੀਂ ਦਿੱਲੀ, 9 ਜੂਨ, ਦੇਸ਼ ਕਲਿਕ ਬਿਊਰੋ :
ਨਰਿੰਦਰ ਮੋਦੀ ਅੱਜ ਸ਼ਾਮ 7:15 ਵਜੇ ਰਾਸ਼ਟਰਪਤੀ ਭਵਨ 'ਚ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕਣ ਤੋਂ ਪਹਿਲਾਂ ਉਹ ਸਵੇਰੇ 6:30 ਵਜੇ ਮਹਾਤਮਾ ਗਾਂਧੀ ਦੀ ਸਮਾਧ ਰਾਜਘਾਟ ਜਾਣਗੇ। 7 ਵਜੇ ਅਟਲ ਸਮਾਧੀ ਸਥਲ ਅਤੇ ਫਿਰ 7:30 ਵਜੇ ਵਾਰ ਮੈਮੋਰੀਅਲ ਜਾਣਗੇ।
ਸਹੁੰ ਚੁੱਕਣ ਦੇ ਨਾਲ ਹੀ ਨਰਿੰਦਰ ਮੋਦੀ, ਪੰਡਿਤ ਜਵਾਹਰ ਲਾਲ ਨਹਿਰੂ ਦੇ ਲਗਾਤਾਰ ਤਿੰਨ ਵਾਰ ਪ੍ਰਧਾਨ ਮੰਤਰੀ ਬਣਨ ਦੇ ਰਿਕਾਰਡ ਦੀ ਬਰਾਬਰੀ ਕਰਨਗੇ। ਨਹਿਰੂ ਲਗਾਤਾਰ ਤਿੰਨ ਵਾਰ 1952, 1957 ਅਤੇ 1962 ਵਿੱਚ ਪ੍ਰਧਾਨ ਮੰਤਰੀ ਬਣੇ ਸਨ। ਹਾਲਾਂਕਿ ਨਹਿਰੂ ਦੀ ਸਰਕਾਰ ਕੋਲ ਪੂਰਨ ਬਹੁਮਤ ਸੀ। ਨਰਿੰਦਰ ਮੋਦੀ ਦੀ ਤੀਜੀ ਪਾਰੀ ਗਠਜੋੜ ਦੇ ਆਧਾਰ 'ਤੇ ਚੱਲੇਗੀ।
7 ਜੂਨ ਨੂੰ ਸੰਸਦ ਦੇ ਸੈਂਟਰਲ ਹਾਲ ਵਿੱਚ ਹੋਈ ਮੀਟਿੰਗ ਵਿੱਚ ਐਨਡੀਏ ਆਗੂਆਂ ਨੇ ਨਰਿੰਦਰ ਮੋਦੀ ਨੂੰ ਆਪਣਾ ਆਗੂ ਚੁਣਿਆ ਸੀ। ਹੁਣ ਉਨ੍ਹਾਂ ਦੇ ਸਹੁੰ ਚੁੱਕਣ ਦੀ ਉਡੀਕ ਹੈ। ਇਸ ਸਮਾਰੋਹ ਵਿੱਚ 7 ਦੇਸ਼ਾਂ ਸ਼੍ਰੀਲੰਕਾ, ਬੰਗਲਾਦੇਸ਼, ਮਾਲਦੀਵ, ਸੇਸ਼ੇਲਸ, ਮਾਰੀਸ਼ਸ, ਨੇਪਾਲ ਅਤੇ ਭੂਟਾਨ ਦੇ ਰਾਜ ਮੁਖੀ ਸ਼ਾਮਲ ਹੋਣਗੇ।