ਨਵੀਂ ਦਿੱਲੀ, 1 ਜੂਨ, ਦੇਸ਼ ਕਲਿਕ ਬਿਊਰੋ :
ਦੇਸ਼ ਵਿੱਚ ਗਰਮੀ ਅਤੇ ਹੀਟ ਸਟ੍ਰੋਕ ਕਾਰਨ ਪਿਛਲੇ ਚਾਰ ਦਿਨਾਂ ਵਿੱਚ 320 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਪਿਛਲੇ ਤਿੰਨ ਦਿਨਾਂ ਵਿੱਚ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ 100 ਲੋਕਾਂ ਦੀ ਜਾਨ ਜਾ ਚੁੱਕੀ ਹੈ। ਬਿਹਾਰ 'ਚ ਪਿਛਲੇ 3 ਦਿਨਾਂ 'ਚ ਹੀਟਵੇਵ ਕਾਰਨ 69 ਲੋਕਾਂ ਦੀ ਮੌਤ ਹੋ ਗਈ ਹੈ। ਯੂਪੀ-ਬਿਹਾਰ 'ਚ ਸ਼ੁੱਕਰਵਾਰ ਨੂੰ ਕਰੀਬ 40 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਇਨ੍ਹਾਂ ਵਿੱਚੋਂ 25 ਲੋਕ ਸਭਾ ਚੋਣ ਡਿਊਟੀ ’ਤੇ ਤਾਇਨਾਤ ਮੁਲਾਜ਼ਮ ਤੇ ਅਧਿਕਾਰੀ ਹਨ।
ਪਿਛਲੇ 4 ਦਿਨਾਂ ਵਿੱਚ ਰਾਜਸਥਾਨ ਵਿੱਚ 60, ਝਾਰਖੰਡ ਵਿੱਚ 37, ਉੜੀਸਾ ਵਿੱਚ 18, ਮੱਧ ਪ੍ਰਦੇਸ਼ ਵਿੱਚ 2 ਅਤੇ ਦਿੱਲੀ ਵਿੱਚ ਇੱਕ ਵਿਅਕਤੀ ਦੀ ਗਰਮੀ ਕਾਰਨ ਮੌਤ ਹੋ ਗਈ ਹੈ। ਝਾਰਖੰਡ ਦੇ ਹਸਪਤਾਲਾਂ ਵਿੱਚ 1,326 ਲੋਕ ਦਾਖਲ ਹਨ। ਕਈ ਥਾਵਾਂ 'ਤੇ ਹੀਟਸਟ੍ਰੋਕ ਵਾਰਡਾਂ 'ਚ ਥਾਂ ਨਹੀਂ ਬਚੀ ਹੈ।
ਅੱਜ 1 ਜੂਨ ਨੂੰ ਹੋਣ ਵਾਲੀ ਵੋਟਿੰਗ ਲਈ ਸ਼ੁੱਕਰਵਾਰ ਨੂੰ ਯੂਪੀ ਦੇ ਮਿਰਜ਼ਾਪੁਰ 'ਚ ਪੋਲਿੰਗ ਪਾਰਟੀਆਂ ਭੇਜੀਆਂ ਜਾ ਰਹੀਆਂ ਸਨ।ਇਸ ਦੌਰਾਨ ਦੁਪਹਿਰ ਸਮੇਂ ਅਚਾਨਕ ਹੋਮ ਗਾਰਡ, ਕਾਂਸਟੇਬਲ, ਪੀਏਸੀ ਜਵਾਨ ਅਤੇ ਅਰਧ ਸੈਨਿਕ ਬਲਾਂ ਦੇ ਜਵਾਨ ਬੇਹੋਸ਼ ਹੋ ਗਏ। ਕੁਝ ਪੋਲਿੰਗ ਪਾਰਟੀ ਨਾਲ ਪੋਲਿੰਗ ਸਟੇਸ਼ਨ 'ਤੇ ਪਹੁੰਚ ਕੇ ਬੇਹੋਸ਼ ਹੋ ਗਏ।