ਭੁਵਨੇਸ਼ਵਰ, 30 ਮਈ, ਦੇਸ਼ ਕਲਿਕ ਬਿਊਰੋ :
ਉੜੀਸਾ ਦੇ ਪੁਰੀ 'ਚ ਬੁੱਧਵਾਰ ਰਾਤ ਭਗਵਾਨ ਜਗਨਨਾਥ ਦੀ ਚੰਦਨ ਯਾਤਰਾ ਦੇ ਦੌਰਾਨ ਪਟਾਕਿਆਂ ਦੇ ਢੇਰ ‘ਚ ਧਮਾਕੇ ਕਾਰਨ 15 ਲੋਕ ਝੁਲਸ ਗਏ। ਪੁਲਸ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਨਰੇਂਦਰ ਪੁਸ਼ਕਰਿਨੀ ਸਰੋਵਰ ਦੇ ਕਿਨਾਰੇ ਸੈਂਕੜੇ ਲੋਕ ਰਸਮ ਦੇਖਣ ਲਈ ਇਕੱਠੇ ਹੋਏ ਸਨ। ਇਸ ਦੌਰਾਨ ਕੁਝ ਸ਼ਰਧਾਲੂ ਪਟਾਕੇ ਚਲਾ ਰਹੇ ਸਨ ਕਿ ਪਟਾਕਿਆਂ ਦੇ ਢੇਰ 'ਤੇ ਚੰਗਿਆੜੀ ਡਿੱਗ ਪਈ ਅਤੇ ਧਮਾਕਾ ਹੋ ਗਿਆ। ਜ਼ਖਮੀਆਂ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਇਨ੍ਹਾਂ 'ਚੋਂ ਚਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਲਾਜ ਦਾ ਖਰਚਾ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਚੁੱਕਿਆ ਜਾਵੇਗਾ। ਸੀਐਮ ਪਟਨਾਇਕ ਨੇ ਟਵੀਟ ਕੀਤਾ ਕਿ ਉਨ੍ਹਾਂ ਨੂੰ ਪੁਰੀ ਨਰੇਂਦਰ ਪੂਲ ਨੇੜੇ ਹੋਏ ਹਾਦਸੇ ਬਾਰੇ ਸੁਣ ਕੇ ਦੁੱਖ ਹੋਇਆ। ਮੁੱਖ ਪ੍ਰਸ਼ਾਸਨਿਕ ਸਕੱਤਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਦਾ ਢੁੱਕਵਾਂ ਇਲਾਜ ਕਰਨ ਅਤੇ ਪ੍ਰਬੰਧਾਂ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।