ਲਖਨਊ, 26 ਮਈ, ਦੇਸ਼ ਕਲਿਕ ਬਿਊਰੋ :
ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਸ਼ਰਧਾਲੂਆਂ ਨਾਲ ਭਰੀ ਬੱਸ ਨੂੰ ਟਿੱਪਰ ਨੇ ਟੱਕਰ ਮਾਰ ਦਿੱਤੀ।ਇਸ ਤੋਂ ਬਾਅਦ ਮਿੱਟੀ ਨਾਲ ਭਰਿਆ ਟਿੱਪਰ ਬੱਸ 'ਤੇ ਹੀ ਪਲਟ ਗਿਆ। ਇਸ ਹਾਦਸੇ 'ਚ 11 ਲੋਕਾਂ ਦੀ ਮੌਤ ਹੋ ਗਈ ਤੇ 10 ਲੋਕ ਜ਼ਖਮੀ ਹੋ ਗਏ।
ਬੱਸ ਸੀਤਾਪੁਰ ਤੋਂ ਪੂਰਨਗਿਰੀ ਜਾ ਰਹੀ ਸੀ। ਹਾਦਸਾ ਖੁਤਰਾ ਥਾਣੇ ਦੇ ਗੋਲਾ ਰੋਡ 'ਤੇ ਹੋਇਆ।ਹਾਦਸੇ ਤੋਂ ਬਾਅਦ ਪੁਲਸ ਫੋਰਸ ਮੌਕੇ 'ਤੇ ਪਹੁੰਚ ਗਈ। ਕਰੇਨ ਅਤੇ ਜੇਸੀਬੀ ਮੰਗਵਾਈ ਗਈ।
ਟਿਪਰ ਅਤੇ ਬੱਸ ਨੂੰ ਵੱਖ ਕਰ ਦਿੱਤਾ ਗਿਆ। ਫਿਰ ਬੱਸ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।
ਹਾਦਸਾ ਰਾਤ ਕਰੀਬ 11 ਵਜੇ ਵਾਪਰਿਆ। ਬੱਸ ਰਿਸ਼ੀ ਢਾਬੇ 'ਤੇ ਰੁਕੀ। ਕੁਝ ਸ਼ਰਧਾਲੂ ਹੇਠਾਂ ਉਤਰ ਕੇ ਖਾਣਾ ਖਾ ਰਹੇ ਸਨ, ਜਦਕਿ ਕੁਝ ਬੱਸ ਵਿਚ ਹੀ ਸੌਂ ਰਹੇ ਸਨ। ਉਦੋਂ ਪਿੱਛਿਓਂ ਮਿੱਟੀ ਨਾਲ ਭਰੇ ਇੱਕ ਟਿਪਰ ਨੇ ਬੱਸ ਨੂੰ ਟੱਕਰ ਮਾਰ ਦਿੱਤੀ।ਟਿਪਰ ਟੱਕਰ ਮਾਰਨ ਤੋਂ ਬਾਅਦ ਬੱਸ 'ਤੇ ਹੀ ਪਲਟ ਗਿਆ। ਹਾਦਸੇ ਤੋਂ ਬਾਅਦ ਰੌਲਾ ਪੈ ਗਿਆ। ਨੇੜੇ ਖੜ੍ਹੇ ਲੋਕਾਂ ਵਿੱਚ ਭਗਦੜ ਮੱਚ ਗਈ। ਟਿਪਰ ਪਲਟਣ ਕਾਰਨ ਉਸ ਵਿੱਚ ਲ਼ੱਦੀ ਮਿੱਟੀ ਬੱਸ ਵਿੱਚ ਭਰ ਗਈ।