ਰਾਏਪੁਰ, 25 ਮਈ, ਦੇਸ਼ ਕਲਿਕ ਬਿਊਰੋ :
ਛੱਤੀਸਗੜ੍ਹ ਦੇ ਬੇਮੇਤਾਰਾ ਜ਼ਿਲ੍ਹੇ ਵਿੱਚ ਸਥਿਤ ਬਾਰੂਦ ਦੀ ਫੈਕਟਰੀ ਵਿੱਚ ਵੱਡਾ ਧਮਾਕਾ ਹੋਇਆ ਹੈ। ਧਮਾਕੇ 'ਚ 10 ਤੋਂ 12 ਲੋਕਾਂ ਦੇ ਮਾਰੇ ਜਾਣ ਅਤੇ ਕਈ ਜ਼ਖਮੀ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਮਲਬੇ ਹੇਠਾਂ ਦੱਬੇ ਹੋ ਸਕਦੇ ਹਨ। ਇਹ ਘਟਨਾ ਬਰਲਾ ਬਲਾਕ ਦੇ ਪਿੰਡ ਬੋਰਸੀ ਵਿੱਚ ਸਥਿਤ ਸਪੈਸ਼ਲ ਬਲਾਸਟ ਲਿਮਟਿਡ ਬਾਰੂਦ ਫੈਕਟਰੀ ਵਿੱਚ ਵਾਪਰੀ। ਫੈਕਟਰੀ ਵਿੱਚ 800 ਤੋਂ ਵੱਧ ਲੋਕ ਕੰਮ ਕਰਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸਵੇਰੇ 6 ਤੋਂ 7 ਵਜੇ ਦੇ ਦਰਮਿਆਨ ਵਾਪਰਿਆ। ਧਮਾਕੇ ਤੋਂ ਬਾਅਦ ਫੈਕਟਰੀ ਦੇ ਆਲੇ-ਦੁਆਲੇ ਲੋਕਾਂ ਦੀ ਭੀੜ ਇਕੱਠੀ ਹੋ ਗਈ। 7 ਲੋਕਾਂ ਨੂੰ ਰਾਏਪੁਰ ਦੇ ਮਹਿਕਾਰਾ ਹਸਪਤਾਲ ਲਿਆਂਦਾ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਉਥੇ ਛੇ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਕਈ ਲੋਕਾਂ ਨੂੰ ਨੇੜਲੇ ਹਸਪਤਾਲਾਂ 'ਚ ਵੀ ਦਾਖਲ ਕਰਵਾਇਆ ਗਿਆ ਹੈ।
ਫੈਕਟਰੀ ਵਿੱਚ ਹੋਏ ਧਮਾਕੇ ਬਾਰੇ ਡਿਪਟੀ ਸੀਐਮ ਵਿਜੇ ਸ਼ਰਮਾ ਨੇ ਕਿਹਾ ਕਿ ਪੁਲੀਸ ਸੁਪਰਡੈਂਟ ਨਾਲ ਗੱਲ ਕਰਕੇ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਅਤੇ ਪੁਲਿਸ ਘਟਨਾ ਵਾਲੀ ਥਾਂ 'ਤੇ ਮੌਜੂਦ ਹੈ। ਮਰਨ ਵਾਲਿਆਂ ਦੀ ਗਿਣਤੀ 'ਤੇ ਉਨ੍ਹਾਂ ਕਿਹਾ, ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਘੱਟ ਤੋਂ ਘੱਟ ਜਾਨੀ ਨੁਕਸਾਨ ਹੋਵੇ। ਫਿਲਹਾਲ ਬਚਾਅ ਕਾਰਜ ਅਤੇ ਜਾਂਚ ਜਾਰੀ ਹੈ। ਬਚਾਅ ਕਾਰਜ ਪੂਰਾ ਹੋਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।