ਨਵੀਂ ਦਿੱਲੀ, 22 ਮਈ, ਦੇਸ਼ ਕਲਿੱਕ ਬਿਓਰੋ :
10ਵੀਂ ਕਲਾਸ ਵਿਚੋਂ 99.5 ਫੀਸਦੀ ਅੰਕ ਲੈ ਕੇ ਪਾਸ ਹੋਏ ਵਿਅਕਤੀ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 10ਵੀਂ ਕਲਾਸ ਤਾਂ ਬਹੁਤ ਚੰਗੇ ਨੰਬਰ ਲੈ ਕੇ ਪਾਸ ਕਰ ਲਈ, ਪ੍ਰੰਤੂ ਲਿਖਣਾ ਪੜ੍ਹਨਾ ਆਉਂਦਾ ਨਹੀਂ। ਇਹ ਹੀ ਨਹੀਂ ਚੰਗੇ ਅੰਕਾਂ ਦੇ ਸਹਾਰੇ ਸਰਕਾਰੀ ਨੌਕਰੀ ਵੀ ਪ੍ਰਾਪਤ ਕਰ ਲਈ। ਕਰਨਾਟਕ ਦੇ ਕੋਪਲ ਦੇ ਜੇਐਮਐਫਸੀ ਅਦਾਲਤ ਦੇ ਇਕ ਜੱਜ ਦੇ ਕਹਿਣ ਉਤੇ ਪੁਲਿਸ ਨੇ ਅਦਾਲਤ ਦੇ ਚਪੜਾਸੀ ਖਿਲਾਫ ਜਾਂਚ ਸ਼ੁਰੂ ਕੀਤੀ ਹੈ। ਜਦੋਂ ਜੱਜ ਸਾਹਿਬ ਨੂੰ ਉਸਦੇ ਦਫ਼ਤਰ ਵਿੱਚ ਕੰਮ ਕਰਨ ਵਾਲੇ ਚਪੜਾਸੀ ਉਤੇ ਸ਼ੱਕ ਹੋਇਆ। 23 ਸਾਲਾ ਪ੍ਰਭੂ ਨਾਮ ਦਾ ਚਪੜਾਸੀ ਸਹੀ ਢੰਗ ਨਾਲ ਨਾ ਤਾਂ ਪੜ੍ਹ ਸਕਦਾ ਹੈ ਅਤੇ ਨਾ ਹੀ ਕੁਝ ਲਿਖ ਪਾਉਂਦਾ। ਪ੍ਰੰਤੂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸਨੇ 10ਵੀਂ ਕਲਾਸ ਵਿਚੋਂ 99.5 ਫੀਸਦੀ ਅੰਕ ਪ੍ਰਾਪਤ ਕੀਤੇ ਹਨ।
ਅਸਲ ਵਿੱਚ ਇਹ ਕਿ ਪ੍ਰਭੂ ਸੀਜੇਐਮਸੀ ਅਦਾਲਤ ਵਿੱਚ ਸਫਾਈ ਕਰਮਚਾਰੀ ਲੱਗਿਆ ਹੋਇਆ ਸੀ। ਉਸਨੇ 10ਵੀਂ ਕਲਾਸ 99.5 ਅੰਕ ਪ੍ਰਾਪਤ ਕੀਤੇ ਸਨ। ਜਦੋਂ ਅਦਾਲਤ ਵਿੱਚ ਮੈਰਿਟ ਲਿਸਟ ਆਈ ਤਾਂ ਉਸਦਾ ਨਾਮ ਸ਼ਾਮਲ ਸੀ। ਇਸ ਆਧਾਰ ਉਤੇ ਉਸ ਨੂੰ ਚਪੜਾਸੀ ਦੀ ਨੌਕਰੀ ਮਿਲ ਗਈ। ਪ੍ਰੰਤੂ ਅਦਾਲਤ ਵਿੱਚ ਜਿੱਥੇ ਉਹ ਕੰਮ ਕਰਦਾ ਸੀ ਤਾਂ ਇਕ ਜੱਜ ਨੂੰ ਇਸ ਮੈਰਿਟ ਸੂਚੀ ਵਿੱਚ ਸ਼ੱਕ ਹੋਇਆ।
ਪ੍ਰਭੂ ਨੇ 7ਵੀਂ ਕਲਾਸ ਤੱਕ ਪੜ੍ਹਾਈ ਕੀਤੀ ਹੈ ਇਸ ਤੋਂ ਬਾਅਦ ਉਸਨੇ ਸਿੱਧੀ 10ਵੀਂ ਦੀ ਪ੍ਰੀਖਿਆ ਦਿੱਤੀ। ਪ੍ਰਭੂ ਨੇ ਆਪਣੀ ਸਫਾਈ ਵਿੱਚ ਇਕ ਮਾਰਕਸ਼ੀਟ ਪੁਲਿਸ ਨੂੰ ਦਿਖਾਇਆ। ਉਸ ਮੁਤਾਬਕ 2017-18 ਵਿੱਚ ਪ੍ਰਾਈਵੇਟ ਤੌਰ ਉਤੇ ਬਾਗਲਕੋਟ ਤੋਂ ਉਸਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ। ਇਹ ਪ੍ਰੀਖਿਆ ਦਿੱਲੀ ਸਿੱਖਿਆ ਬੋਰਡ ਵੱਲੋਂ ਆਯੋਜਿਤ ਕੀਤੀ ਗਈ ਸੀ।