ਪਟਨਾ, 21 ਮਈ, ਦੇਸ਼ ਕਲਿਕ ਬਿਊਰੋ :
ਛਪਰਾ 'ਚ ਆਰਜੇਡੀ ਅਤੇ ਭਾਜਪਾ ਸਮਰਥਕਾਂ ਵਿਚਾਲੇ ਗੋਲੀਬਾਰੀ ਹੋਈ, ਜਿਸ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਜਦਕਿ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਜ਼ਖਮੀਆਂ 'ਚੋਂ ਇਕ ਨੂੰ ਪਟਨਾ ਪੀਐੱਮਸੀਐੱਚ ਰੈਫਰ ਕੀਤਾ ਗਿਆ ਹੈ, ਦੂਜੇ ਦੀ ਹਾਲਤ ਠੀਕ ਹੈ। ਮ੍ਰਿਤਕ ਦੀ ਪਛਾਣ ਚੰਦਨ ਰਾਏ ਵਜੋਂ ਹੋਈ ਹੈ। ਜਦਕਿ ਜ਼ਖਮੀਆਂ ਦੀ ਪਛਾਣ ਗੁੱਡੂ ਰਾਏ, ਮਨੋਜ ਰਾਏ ਵਜੋਂ ਹੋਈ ਹੈ। ਇਹ ਸਾਰੇ ਆਰਜੇਡੀ ਦੇ ਸਮਰਥਕ ਦੱਸੇ ਜਾਂਦੇ ਹਨ।
ਐਸਪੀ ਗੌਰਵ ਮੰਗਲਾ ਨੇ ਦੱਸਿਆ ਕਿ ਕੱਲ੍ਹ ਵੋਟਿੰਗ ਦੌਰਾਨ ਭਾਜਪਾ ਅਤੇ ਆਰਜੇਡੀ ਸਮਰਥਕਾਂ ਵਿਚਾਲੇ ਝੜਪ ਹੋ ਗਈ ਸੀ। ਅੱਜ ਉਸ ਦੇ ਜਵਾਬ ਵਿੱਚ ਗੋਲੀਬਾਰੀ ਹੋਈ ਹੈ। ਘਟਨਾ ਤੋਂ ਬਾਅਦ ਛਪਰਾ 'ਚ ਕੁਝ ਸਮੇਂ ਲਈ ਇੰਟਰਨੈੱਟ ਬੰਦ ਰਹੇਗਾ। ਸਾਰਣ ਦੇ ਡੀਐਮ ਅਮਨ ਸਮੀਰ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਕਈ ਰਾਉਂਡ ਫਾਇਰ ਕੀਤੇ ਗਏ।
ਇਹ ਘਟਨਾ ਅੱਜ ਮੰਗਲਵਾਰ ਸਵੇਰੇ ਮੁਫਸਿਲ ਥਾਣੇ ਦੇ ਤੇਲਪਾ ਭਿਖਾਰੀ ਚੌਕ ਨੇੜੇ ਵਾਪਰੀ। ਮੌਤ ਤੋਂ ਬਾਅਦ ਪੂਰੇ ਇਲਾਕੇ 'ਚ ਤਣਾਅ ਦਾ ਮਾਹੌਲ ਹੈ। ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਗੋਲੀ ਲੱਗਣ ਤੋਂ ਬਾਅਦ ਜਿਵੇਂ ਹੀ ਉਹ ਸਦਰ ਹਸਪਤਾਲ ਪਹੁੰਚੇ ਤਾਂ ਹਸਪਤਾਲ 'ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।
ਜ਼ਿਕਰਯੋਗ ਹੈ ਕਿ ਕੱਲ੍ਹ ਰੋਹਿਣੀ ਅਚਾਰੀਆ ਬੂਥ ਨੰਬਰ 118 'ਤੇ ਆਉਣ 'ਤੇ ਚੋਣਾਂ ਦੌਰਾਨ ਤਣਾਅ ਵੱਧ ਗਿਆ ਸੀ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਪੱਥਰਬਾਜ਼ੀ ਵੀ ਹੋਈ ਸੀ।