ਪਟਨਾ, 18 ਮਈ, ਦੇਸ਼ ਕਲਿਕ ਬਿਊਰੋ :
ਪਟਨਾ ਦੇ ਟਿੰਨੀ ਟੌਟ ਅਕੈਡਮੀ ਸਕੂਲ 'ਚ 4 ਸਾਲਾ ਆਯੂਸ਼ ਦੀ ਹੱਤਿਆ ਦੇ ਮਾਮਲੇ 'ਚ ਪੁਲਸ ਨੇ ਪ੍ਰਿੰਸੀਪਲ ਅਤੇ ਉਸ ਦੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਹੈ। ਬੇਟਾ ਸਕੂਲ ਦਾ ਡਾਇਰੈਕਟਰ ਹੈ। ਪੁਲਸ ਪੁੱਛਗਿੱਛ ਦੌਰਾਨ ਪ੍ਰਿੰਸੀਪਲ ਵੀਨਾ ਝਾਅ ਉਰਫ ਪੁਤੁਲ ਝਾਅ ਨੇ ਦੱਸਿਆ ਕਿ ਆਯੂਸ਼ ਸਕੂਲ 'ਚ ਖੇਡਦੇ ਸਮੇਂ ਸਲਾਈਡਰ ਤੋਂ ਡਿੱਗ ਗਿਆ ਸੀ। ਉਹ ਬੇਹੋਸ਼ ਹੋ ਗਿਆ ਸੀ, ਉਸ ਦੇ ਸਿਰ 'ਤੇ ਸੱਟ ਲੱਗੀ ਸੀ।
ਉਨ੍ਹਾਂ ਕਿਹਾ ਕਿ ਜ਼ਿਆਦਾ ਖੂਨ ਵਹਿ ਰਿਹਾ ਸੀ। ਅਸੀਂ ਡਰੇ ਹੋਏ ਸੀ। ਮੈਂ ਆਪਣੇ ਬੇਟੇ ਧਨਰਾਜ ਝਾਅ (21) ਨੂੰ ਦੱਸਿਆ। ਅਸੀਂ ਦੋਵਾਂ ਨੇ ਮਿਲ ਕੇ ਪਹਿਲਾਂ ਖੂਨ ਦੇ ਦਾਗ ਹਟਾਏ ਅਤੇ ਫਿਰ ਆਯੂਸ਼ ਨੂੰ ਗਟਰ ਵਿੱਚ ਸੁੱਟ ਦਿੱਤਾ। ਅਸੀਂ ਸੋਚਿਆ ਕਿਸੇ ਨੂੰ ਕੁਝ ਪਤਾ ਨਹੀਂ ਲੱਗੇਗਾ। ਅਸੀਂ ਬਚ ਜਾਵਾਂਗੇ।
ਜਿਕਰਯੋਗ ਹੈ ਕਿ ਆਯੂਸ਼ ਦੀ ਲਾਸ਼ ਵੀਰਵਾਰ ਦੁਪਹਿਰ ਕਰੀਬ 3 ਵਜੇ ਗਟਰ ‘ਚੋਂ ਮਿਲੀ ਸੀ। ਉਸ ਦੀ ਲਾਸ਼ ਕਲਾਸ ਰੂਮ ਦੇ ਅੰਦਰ ਗਟਰ ਵਿੱਚ ਤੈਰ ਰਹੀ ਸੀ।ਉਹ ਇਸੇ ਸਕੂਲ ਨਰਸਰੀ ਵਿੱਚ ਇਸੇ ਕਲਾਸ ਰੂਮ ਵਿੱਚ ਪੜ੍ਹਦਾ ਸੀ।