ਨਵੀਂ ਦਿੱਲੀ, 18 ਮਈ, ਦੇਸ਼ ਕਲਿਕ ਬਿਊਰੋ :
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੇ ਮਾਮਲੇ 'ਚ ਬਿਭਵ ਕੁਮਾਰ ਨੂੰ ਹਿਰਾਸਤ 'ਚ ਲਿਆ ਗਿਆ ਹੈ। ਦਿੱਲੀ ਪੁਲਿਸ ਦੀ ਇੱਕ ਟੀਮ ਅੱਜ ਮੁੱਖ ਮੰਤਰੀ ਨਿਵਾਸ ਪਹੁੰਚੀ ਸੀ ਅਤੇ ਉੱਥੋਂ ਬਿਭਵ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਦੂਜੇ ਪਾਸੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਅਤੇ ਬਿਭਵ ਕੁਮਾਰ ਵਿਚਾਲੇ ਕਥਿਤ ਕੁੱਟਮਾਰ ਦੇ ਮਾਮਲੇ ਵਿੱਚ ਅੱਜ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ।
ਇਸ ਵੀਡੀਓ 'ਚ ਮੁੱਖ ਮੰਤਰੀ ਨਿਵਾਸ 'ਤੇ ਮੌਜੂਦ ਸੁਰੱਖਿਆ ਅਧਿਕਾਰੀ ਸਵਾਤੀ ਮਾਲੀਵਾਲ ਦਾ ਹੱਥ ਫੜ ਕੇ ਉਸ ਨੂੰ ਬਾਹਰ ਲੈ ਜਾਂਦੇ ਹੋਏ ਨਜ਼ਰ ਆ ਰਹੇ ਹਨ। ਆਮ ਆਦਮੀ ਪਾਰਟੀ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਹੈ।
ਇਸ ਸੀਸੀਟੀਵੀ ਵੀਡੀਓ ਰਾਹੀਂ ਆਮ ਆਦਮੀ ਪਾਰਟੀ ਇਹ ਦਿਖਾਉਣਾ ਚਾਹੁੰਦੀ ਹੈ ਕਿ ਸਵਾਤੀ ਮਾਲੀਵਾਲ ਜੋ ਵੀ ਕਹਿ ਰਹੀ ਹੈ, ਉਹ ਝੂਠ ਹੈ। 32 ਸੈਕਿੰਡ ਦੇ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਇਕ ਮਹਿਲਾ ਸੁਰੱਖਿਆ ਅਧਿਕਾਰੀ ਸਵਾਤੀ ਮਾਲੀਵਾਲ ਦਾ ਹੱਥ ਫੜ ਕੇ ਅੰਦਰੋਂ ਬਾਹਰ ਲੈ ਜਾਂਦੀ ਹੈ।