ਨਵੀਂ ਦਿੱਲੀ, 15 ਮਈ, ਦੇਸ਼ ਕਲਿੱਕ ਬਿਓਰੋ :
ਲੋਕ ਸਭਾ ਚੋਣਾਂ ਲਈ ਉਮੀਦਵਾਰ ਆਪਣੇ ਨਾਮਜ਼ਦਗੀ ਦਾਖਲ ਕਰਨ ਲਈ ਮਹਿੰਗੀਆਂ ਗੱਡੀਆਂ ਦੇ ਵੱਡੇ ਵੱਡੇ ਕਾਫਲੇ ਲੈ ਕੇ ਪਹੁੰਚਦੇ ਹਨ, ਪ੍ਰੰਤੂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਉਮੀਦਵਾਰ ਆਪਣੇ ਨਾਮਜ਼ਦਗੀ ਦਾਖਲ ਕਰਨ ਲਈ ਅਰਥੀ ਉਤੇ ਚੜ੍ਹਕੇ ਪਹੁੰਚਿਆ। ਗੋਰਖਪੁਰ ਵਿੱਚ ਆਜ਼ਾਦ ਚੋਣ ਲੜ ਰਹੇ ਰਾਜਨ ਯਾਦਵ ਉਰਫ ਅਰਥੀ ਬਾਬਾ ਮੰਗਲਵਾਰ ਨੂੰ ਅਰਥੀ ਉਤੇ ਸਵਾਰ ਹੋ ਕੇ ਨਾਮਜ਼ਦਗੀ ਭਰਨ ਲਈ ਪਹੁੰਚੇ। ਇਹ ਹੀ ਨਹੀਂ ਅਰਥੀ ਬਾਬਾ ਨੇ ਆਪਣਾ ਚੋਣ ਦਫ਼ਤਰ ਵੀ ਸ਼ਮਸ਼ਾਨ ਘਾਟ ਵਿੱਚ ਖੋਲ੍ਹਿਆ ਹੈ।
ਰਾਜਨ ਯਾਦਵ ਉਰਫ ਅਰਥੀ ਬਾਬਾ ਨੇ ਕਿਹਾ ਕਿ ਉਹ ਚੋਣ ਇਸ ਲਈ ਲੜ ਰਹੇ ਹਨ ਕਿਉਂਕਿ ਉਸ ਨੂੰ ਸਿਸਟਮ ਤੋਂ ਪੂਰਾ ਵਿਸ਼ਵਾਸ ਉਠ ਚੁੱਕਿਆ ਹੈ। ਉਨ੍ਹ ਕਿਹਾ ਕਿ ਅੱਜ ਦੇਸ਼ ਵਿੱਚ ਜੋ ਵਿਵਸਥਾ ਹੈ ਉਸਦੀ ਮੌਤ ਹੋ ਚੁੱਕੀ ਹੈ, ਕਿਉਂਕਿ ਭ੍ਰਿਸ਼ਟ ਆਗੂ ਚੁਣੇ ਜਾਂਦੇ ਹਨ ਉਹ ਸਦਨ ਵਿੱਚ ਪਹੁੰਚਦੇ ਹਨ, ਪ੍ਰੰਤੂ ਕਦੇ ਵੀ ਲੋਕਾਂ ਦੇ ਹੱਕ ਦੀ ਆਵਾਜ਼ ਨਹੀਂ ਚੁੱਕਦੇ। ਇਸ ਲਈ ਮੁੱਦੇ ਵੀ ਸ਼ਮਸ਼ਾਨ ਬਣ ਗਏ ਹਨ। ਇਸ ਕਾਰਨ ਮੈਂ ਸ਼ਮਸ਼ਾਨ ਘਾਟ ਉਤੇ ਆਪਣਾ ਦਫ਼ਤਰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕੁਝ ਨਹੀਂ ਚਾਹੀਦਾ, ਜੇਕਰ ਕੋਈ ਮੈਨੂੰ ਦਾਨ ਵੀ ਕਰਨਾ ਚਾਹੁੰਦਾ ਤਾਂ ਮੈਂ ਕਹੂੰਗਾ ਕਿ ਕਿਸੇ ਜ਼ਰੂਰਤਮੰਦ ਨੂੰ ਸਕੂਲ ਦੀ ਪੜ੍ਹਾਈ ਲਈ ਫੀਸ ਅਤੇ ਵਰਦੀ ਦਾਨ ਕਰੋ, ਕੋਈ ਚਾਹੇ ਤਾਂ ਹਸਪਤਾਲ ਜਾ ਕੇ ਮਰੀਜ਼ਾਂ ਨੂੰ ਦਵਾਈ ਦਾਨ ਕਰੋ।