ਪਟਨਾ, 12 ਮਈ, ਦੇਸ਼ ਕਲਿਕ ਬਿਊਰੋ :
ਬਿਹਾਰ ਦੇ ਰੋਹਤਾਸ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਲੋਕ ਝੁਲਸ ਗਏ। ਜ਼ਖਮੀਆਂ 'ਚੋਂ ਇਕ ਦੀ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਉੱਚ ਕੇਂਦਰ 'ਚ ਰੈਫਰ ਕਰ ਦਿੱਤਾ। ਦੋ ਜ਼ਖ਼ਮੀ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਹ ਘਟਨਾ ਬਿਕਰਮਗੰਜ ਥਾਣਾ ਖੇਤਰ ਦੇ ਗੋਤਪਾ ਪਿੰਡ ਦੀ ਹੈ। ਮ੍ਰਿਤਕਾਂ ਵਿੱਚ ਇੱਕ ਨੌਜਵਾਨ ਵੀ ਸ਼ਾਮਲ ਹੈ।
ਘਟਨਾ ਬਾਰੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਤੇਜ਼ ਹਨੇਰੀ ਅਤੇ ਮੀਂਹ ਦੇ ਵਿਚਕਾਰ ਬਿਜਲੀ ਡਿੱਗਣ ਕਾਰਨ ਰੋਹਤਾਸ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ 'ਤੇ ਪੰਜ ਲੋਕਾਂ ਦੀ ਮੌਤ ਹੋ ਗਈ।
ਪਹਿਲੀ ਘਟਨਾ ਬਿਕਰਮਗੰਜ ਥਾਣਾ ਖੇਤਰ ਦੇ ਗੋਤਪਾ ਪਿੰਡ ਵਿੱਚ ਵਾਪਰੀ, ਜਿੱਥੇ ਮੀਂਹ ਤੋਂ ਬਚਾਅ ਲਈ ਇੱਕ ਦਰੱਖਤ ਹੇਠਾਂ ਲੁਕੇ ਪੰਜ ਵਿਅਕਤੀਆਂ ਵਿੱਚੋਂ ਦੋ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਰਵਿੰਦ ਕੁਮਾਰ ਅਤੇ ਓਮ ਪ੍ਰਕਾਸ਼ ਵਜੋਂ ਹੋਈ ਹੈ। ਦੂਸਰੀ ਘਟਨਾ ਘੋਸੀਆਂ ਕਲਾ ਦੀ ਹੈ, ਜਿੱਥੇ ਸੜਕ ਨਿਰਮਾਣ ਦਾ ਕੰਮ ਕਰਦੇ ਮਜ਼ਦੂਰ ਸੁਨੀਲ ਕੁਮਾਰ ਦੀ ਮੌਤ ਹੋ ਗਈ, ਜਦਕਿ ਸੂਰਿਆਪੁਰਾ ਥਾਣਾ ਖੇਤਰ ਦੇ ਪਿੰਡ ਮਠਗੋਠਾਣੀ 'ਚ ਖੇਡ ਰਹੇ ਨੌਜਵਾਨ ਆਕਾਸ਼ ਗਿਰੀ ਦੀ ਮੌਤ ਹੋ ਗਈ। ਦੀਨਾਰਾ ਥਾਣਾ ਖੇਤਰ ਦੇ ਗੰਜਭਦਸਰਾ ਰੋਡ ਨਹਿਰ 'ਤੇ ਅਸਮਾਨੀ ਬਿਜਲੀ ਡਿੱਗਣ ਨਾਲ ਬੇਨਸਾਗਰ ਦੇ ਵਿਨੈ ਚੌਧਰੀ ਦੀ ਵੀ ਮੌਤ ਹੋ ਗਈ।