ਨਵੀਂ ਦਿੱਲੀ, 8 ਮਈ, ਦੇਸ਼ ਕਲਿਕ ਬਿਊਰੋ :
ਉੱਤਰਾਖੰਡ ਦੇ ਜੰਗਲਾਂ ਵਿੱਚ ਲੱਗੀ ਅੱਗ ਦੇ ਮਾਮਲੇ ਵਿੱਚ ਅੱਜ ਬੁੱਧਵਾਰ 8 ਮਈ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੈ। ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋਈ ਅੱਗ ਨਾਲ ਹੁਣ ਤੱਕ 11 ਜ਼ਿਲ੍ਹੇ ਪ੍ਰਭਾਵਿਤ ਹੋ ਚੁੱਕੇ ਹਨ। ਇਸ ਵਿੱਚ ਗੜ੍ਹਵਾਲ ਡਿਵੀਜ਼ਨ ਦੇ ਪੌੜੀ ਰੁਦਰਪ੍ਰਯਾਗ, ਚਮੋਲੀ, ਉੱਤਰਕਾਸ਼ੀ, ਟਿਹਰੀ ਜ਼ਿਆਦਾਤਰ ਪ੍ਰਭਾਵਿਤ ਹਨ ਅਤੇ ਦੇਹਰਾਦੂਨ ਦੇ ਕੁਝ ਹਿੱਸੇ ਸ਼ਾਮਲ ਹਨ। ਜਦਕਿ ਕੁਮਾਉਂ ਡਿਵੀਜ਼ਨ ਦੇ ਨੈਨੀਤਾਲ, ਚੰਪਾਵਤ, ਅਲਮੋੜਾ, ਬਾਗੇਸ਼ਵਰ, ਪਿਥੌਰਾਗੜ੍ਹ ਜ਼ਿਆਦਾ ਪ੍ਰਭਾਵਿਤ ਹਨ।
ਜੰਗਲ ਦੀ ਅੱਗ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ 4 ਗੰਭੀਰ ਜ਼ਖਮੀ ਹਨ। ਪਿਛਲੇ ਸਾਲ ਨਵੰਬਰ ਤੋਂ ਲੈ ਕੇ ਹੁਣ ਤੱਕ ਜੰਗਲ ਨੂੰ ਅੱਗ ਲੱਗਣ ਦੀਆਂ 998 ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿੱਚ 1316 ਹੈਕਟੇਅਰ ਜੰਗਲ ਸੜ ਗਿਆ ਹੈ।
ਜੰਗਲਾਤ ਵਿਭਾਗ, ਫਾਇਰ ਬ੍ਰਿਗੇਡ, ਪੁਲਿਸ ਦੇ ਨਾਲ-ਨਾਲ ਫੌਜ ਦੇ ਜਵਾਨ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ। ਅੱਗ ਨੂੰ ਆਰਮੀ ਏਰੀਏ ਤੱਕ ਪਹੁੰਚਦਾ ਵੇਖ ਏਅਰਫੋਰਸ ਦੇ ਐਮਆਈ-17 ਹੈਲੀਕਾਪਟਰ ਦੀ ਮਦਦ ਲਈ ਗਈ। ਇਸ ਦੇ ਨਾਲ ਹੀ ਰੁਦਰਪ੍ਰਯਾਗ 'ਚ ਜੰਗਲ 'ਚ ਅੱਗ ਲਗਾਉਣ ਦੇ ਦੋਸ਼ 'ਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।