ਸ਼੍ਰੀਨਗਰ, 5 ਮਈ, ਦੇਸ਼ ਕਲਿਕ ਬਿਊਰੋ :
ਜੰਮੂ-ਕਸ਼ਮੀਰ ਦੇ ਪੁੰਛ 'ਚ ਸ਼ਨੀਵਾਰ ਸ਼ਾਮ ਨੂੰ ਹਵਾਈ ਫੌਜ ਦੇ ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ 'ਚ ਇਕ ਜਵਾਨ ਸ਼ਹੀਦ ਹੋ ਗਿਆ। ਹਮਲੇ 'ਚ 5 ਜਵਾਨ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਊਧਮਪੁਰ ਦੇ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਇਕ ਜਵਾਨ ਦੀ ਮੌਤ ਹੋ ਗਈ। ਇਕ ਹੋਰ ਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਹਮਲਾ ਪੁੰਛ ਦੇ ਸ਼ਾਹਸਿਤਰ ਇਲਾਕੇ 'ਚ ਸ਼ਾਮ 6.15 ਵਜੇ ਹੋਇਆ। 4 ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀਆਂ ਦੋ ਗੱਡੀਆਂ 'ਤੇ ਭਾਰੀ ਗੋਲੀਬਾਰੀ ਕੀਤੀ। ਇਨ੍ਹਾਂ ਵਿੱਚੋਂ ਇੱਕ ਵਾਹਨ ਹਵਾਈ ਸੈਨਾ ਦਾ ਸੀ। ਦੋਵੇਂ ਗੱਡੀਆਂ ਸਨਾਈ ਟਾਪ ਵੱਲ ਜਾ ਰਹੀਆਂ ਸਨ। ਅੱਤਵਾਦੀਆਂ ਦੀਆਂ ਗੋਲੀਆਂ ਗੱਡੀ ਦੇ ਅਗਲੇ ਪਾਸੇ ਦੇ ਸ਼ੀਸ਼ੇ ਨੂੰ ਪਾਰ ਕਰ ਗਈਆਂ।
ਫੌਜ ਦੇ ਸੂਤਰਾਂ ਮੁਤਾਬਕ ਘਟਨਾ ਵਾਲੀ ਥਾਂ 'ਤੇ ਹਵਾਈ ਫੌਜ ਦੀ ਗਰੁੜ ਸਪੈਸ਼ਲ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਫੌਜ ਅਤੇ ਜੰਮੂ-ਕਸ਼ਮੀਰ ਪੁਲਸ ਵੀ ਮੌਕੇ 'ਤੇ ਮੌਜੂਦ ਹੈ। ਇਲਾਕੇ ਨੂੰ ਘੇਰ ਲਿਆ ਗਿਆ ਹੈ।ਅੱਜ ਐਤਵਾਰ ਸਵੇਰੇ ਵੀ ਤਲਾਸ਼ੀ ਮੁਹਿੰਮ ਜਾਰੀ ਹੈ।