ਮੁੰਬਈ, 4 ਮਈ, ਦੇਸ਼ ਕਲਿਕ ਬਿਊਰੋ :
ਮਹਾਰਾਸ਼ਟਰ ਦੇ ਕਬਾਇਲੀ ਬਹੁਲਤਾ ਵਾਲੇ ਜ਼ਿਲੇ ਗੜ੍ਹਚਿਰੌਲੀ 'ਚ ਇਕ ਭਿਆਨਕ ਘਟਨਾ ਸਾਹਮਣੇ ਆਈ ਹੈ। ਜਿੱਥੇ ਪਿੰਡ ਵਾਸੀਆਂ ਨੇ ਕਾਲਾ ਜਾਦੂ ਕਰਨ ਦੇ ਸ਼ੱਕ 'ਚ ਇਕ ਆਦਮੀ ਅਤੇ ਔਰਤ ਨੂੰ ਜ਼ਿੰਦਾ ਸਾੜ ਕੇ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪੁਲੀਸ ਨੇ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਗੜ੍ਹਚਿਰੌਲੀ ਜ਼ਿਲ੍ਹੇ ਦੇ ਏਟਾਪੱਲੀ ਤਾਲੁਕਾ ਦੇ ਬਸੇਰਵਾੜਾ ਪਿੰਡ ਵਿੱਚ ਰਾਤ ਨੂੰ ਵਾਪਰੀ। ਪੁਲਸ ਨੇ ਇਸ ਘਟਨਾ ਦੇ ਸਬੰਧ 'ਚ ਮਾਮਲਾ ਦਰਜ ਕਰਕੇ 15 ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਵੇਰਵੇ ਦਿੰਦਿਆਂ ਇੱਕ ਜ਼ਿਲ੍ਹਾ ਪੁਲਿਸ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਮੁਲਜ਼ਮਾਂ ਨੇ ਦੋ ਪੀੜਤਾਂ, ਦੇਊ ਅਟਲਾਮੀ (57) ਅਤੇ ਜਾਮਨੀ ਤੇਲਮੀ (52) ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਖਿੱਚ ਲਿਆ ਅਤੇ ਤਿੰਨ ਘੰਟੇ ਤੱਕ ਕੁੱਟਿਆ। ਦੋਵੇਂ ਰਹਿਮ ਦੀ ਭੀਖ ਮੰਗਦੇ ਰਹੇ। ਪਰ ਕਿਸੇ ਨੂੰ ਉਨ੍ਹਾਂ 'ਤੇ ਤਰਸ ਨਹੀਂ ਆਇਆ। ਸਾਰਾ ਪਿੰਡ ਤਮਾਸ਼ਾ ਦੇਖਦਾ ਰਿਹਾ। ਇਸ ਤੋਂ ਬਾਅਦ ਮੁਲਜਮਾਂ ਨੇ ਦੋਹਾਂ ਨੂੰ ਜ਼ਿੰਦਾ ਅੱਗ ਲਗਾ ਦਿੱਤੀ। ਜਿਸ ਕਾਰਨ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਬਾਅਦ ਵਿੱਚ ਦੋਵਾਂ ਦੀਆਂ ਅੱਧ ਸੜੀਆਂ ਹੋਈਆਂ ਲਾਸ਼ਾਂ ਨੂੰ ਪਿੰਡ ਦੇ ਇੱਕ ਨਾਲੇ ਵਿੱਚ ਸੁੱਟ ਦਿੱਤਾ ਗਿਆ। ਪੁਲਿਸ ਨੂੰ ਇਸ ਖੌਫਨਾਕ ਘਟਨਾ ਦੀ ਜਾਣਕਾਰੀ ਅਗਲੇ ਦਿਨ ਮਿਲੀ।
ਇਸ ਮਾਮਲੇ ਵਿੱਚ ਪੁਲਿਸ ਨੇ ਮਹਾਰਾਸ਼ਟਰ ਪ੍ਰੀਵੈਨਸ਼ਨ ਆਫ ਹਿਊਮਨ ਸੇਰਫਾਇਸ ਐਂਡ ਅਦਰ ਅਣਮਨੁੱਖੀ ਅਤੇ ਜਾਦੂ-ਟੂਣੇ ਐਕਟ ਦੀ ਧਾਰਾ 302, 307, 201, 143, 147, 149, ਉਪ ਧਾਰਾ 3 (2) ਵੀ ਸ਼ਾਮਲ ਕੀਤੀ ਹੈ। ਫਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ। ਮੁਲਜ਼ਮਾਂ ਨੂੰ ਅਹੇੜੀ ਦੀ ਪਹਿਲੀ ਸ਼੍ਰੇਣੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।10:27 AM