ਕੋਲਕਾਤਾ, 3 ਮਈ, ਦੇਸ਼ ਕਲਿਕ ਬਿਊਰੋ :
ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ 'ਤੇ ਰਾਜ ਭਵਨ ਦੀ ਇਕ ਮਹਿਲਾ ਕਰਮਚਾਰੀ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਉਸ ਨੇ ਇਸ ਮਾਮਲੇ ਸਬੰਧੀ ਹੇਰ ਸਟਰੀਟ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਿੱਤੀ ਹੈ।
ਸਮਾਚਾਰ ਏਜੰਸੀ ਪੀ.ਟੀ.ਆਈ. ਮੁਤਾਬਕ ਔਰਤ ਦਾ ਦੋਸ਼ ਹੈ ਕਿ ਉਹ 24 ਮਾਰਚ ਨੂੰ ਰਾਜਪਾਲ ਕੋਲ ਪੱਕੀ ਨੌਕਰੀ ਦੀ ਬੇਨਤੀ ਲੈ ਕੇ ਗਈ ਸੀ।ਉਦੋਂ ਰਾਜਪਾਲ ਨੇ ਦੁਰਵਿਵਹਾਰ ਕੀਤਾ।ਵੀਰਵਾਰ ਨੂੰ ਫਿਰ ਅਜਿਹਾ ਹੀ ਹੋਇਆ ਤਾਂ ਉਹ ਸ਼ਿਕਾਇਤ ਲੈ ਕੇ ਰਾਜ ਭਵਨ ਦੇ ਬਾਹਰ ਤਾਇਨਾਤ ਪੁਲਸ ਅਧਿਕਾਰੀ ਕੋਲ ਗਈ।
ਹਾਲਾਂਕਿ, ਰਾਜਪਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਔਰਤ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਮੇਰੇ 'ਤੇ ਬੇਬੁਨਿਆਦ ਦੋਸ਼ ਲਾਏ ਗਏ ਹਨ। ਸੱਚ ਦੀ ਜਿੱਤ ਹੋਵੇਗੀ। ਉਸ ਨੇ ਅੱਗੇ ਕਿਹਾ ਕਿ ਮੈਂ ਨਕਲੀ ਬਿਰਤਾਂਤਾਂ ਤੋਂ ਨਹੀਂ ਡਰਦਾ। ਜੇਕਰ ਕੋਈ ਮੈਨੂੰ ਬਦਨਾਮ ਕਰਕੇ ਚੋਣਾਵੀ ਲਾਹਾ ਲੈਣਾ ਚਾਹੁੰਦਾ ਹੈ ਤਾਂ ਰੱਬ ਮੇਹਰ ਕਰੇ। ਮੈਂ ਭ੍ਰਿਸ਼ਟਾਚਾਰ ਅਤੇ ਹਿੰਸਾ ਵਿਰੁੱਧ ਲੜਾਈ ਨੂੰ ਨਹੀਂ ਰੋਕ ਸਕਦਾ।