ਸ਼੍ਰੀਨਗਰ, 30 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ 5 ਲੋਕਾਂ ਦੀ ਮੌਤ ਹੋ ਗਈ।ਐਤਵਾਰ ਰਾਤ ਤੋਂ ਇੱਥੇ ਬਾਰਿਸ਼ ਹੋ ਰਹੀ ਹੈ। ਸੂਬੇ ਦੇ ਪਹਾੜਾਂ 'ਚ ਵੀ ਬਰਫਬਾਰੀ ਜਾਰੀ ਹੈ। ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਸੈਂਕੜੇ ਵਸਨੀਕ ਪ੍ਰਭਾਵਿਤ ਹੋਏ ਹਨ।
ਡੋਡਾ, ਰਿਆਸੀ, ਕਿਸ਼ਤਵਾੜ, ਜੰਮੂ ਖੇਤਰ ਦੇ ਰਾਮਬਨ ਅਤੇ ਕਸ਼ਮੀਰ ਦੇ ਕਿਸ਼ਤਵਾੜ ਸਮੇਤ ਕਈ ਪਹਾੜੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਕੱਲ੍ਹ ਰਾਮਬਨ ਜ਼ਿਲ੍ਹੇ ਵਿੱਚ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਮਗਰੋਂ ਸ੍ਰੀਨਗਰ-ਜੰਮੂ ਮਾਰਗ ਬੰਦ ਕਰ ਦਿੱਤਾ ਗਿਆ ਸੀ।
ਹੜ੍ਹ ਨੇ ਕੁਪਵਾੜਾ ਜ਼ਿਲ੍ਹੇ ਵਿੱਚ ਸ਼ੁਮਰਿਆਲ ਪੁਲ, ਖੁਮਰਿਯਾਲ ਪੁਲ, ਸ਼ਤਮੁਕਮ ਪੁਲ, ਸੋਹੀਪੋਰਾ-ਹੈਹਾਮਾ ਪੁਲ, ਫਰਕਯਾਨ ਪੁਲ, ਪੇਂਡੂ ਵਿਕਾਸ ਵਿਭਾਗ ਦੀਆਂ ਦੋ ਇਮਾਰਤਾਂ ਅਤੇ ਸਹਾਇਕ ਨਿਰਦੇਸ਼ਕ ਦਸਤਕਾਰੀ ਦਫ਼ਤਰ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਹੈ। ਸ਼ੁਮਰਿਆਲ-ਗੁੰਡਾਝੰਗਰ ਸੜਕ ਟੁੱਟੀ ਹੋਈ ਹੈ। ਦੋਬਨ ਕੱਚਾ ਬੰਨ੍ਹ ਵਿੱਚ ਪਾੜ ਪੈ ਗਿਆ ਹੈ।