ਇੰਫਾਲ, 30 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਮਣੀਪੁਰ ਬਾਹਰੀ ਲੋਕ ਸਭਾ ਸੀਟ ਦੇ 6 ਪੋਲਿੰਗ ਕੇਂਦਰਾਂ 'ਤੇ ਅੱਜ ਮੁੜ ਵੋਟਿੰਗ ਹੋ ਰਹੀ ਹੈ। 26 ਅਪ੍ਰੈਲ ਨੂੰ ਦੂਜੇ ਪੜਾਅ ਦੀ ਵੋਟਿੰਗ ਦੌਰਾਨ ਇੱਥੇ ਹਿੰਸਾ ਹੋਈ ਸੀ ਅਤੇ ਈਵੀਐਮ-ਵੀਵੀਪੀਏਟੀ ਤੋੜ ਦਿੱਤੀ ਗਈ ਸੀ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ 6 ਪੋਲਿੰਗ ਕੇਂਦਰਾਂ 'ਤੇ ਹੋਈ ਵੋਟਿੰਗ ਨੂੰ ਰੱਦ ਕਰਾਰ ਦਿੱਤਾ ਸੀ। ਨਾਲ ਹੀ 30 ਅਪ੍ਰੈਲ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਨਵੀਂ ਵੋਟਿੰਗ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ।
ਕਮਿਸ਼ਨ ਨੇ ਇਹ ਹਦਾਇਤ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 58 (2) ਅਤੇ 58 ਏ (2) ਤਹਿਤ ਦਿੱਤੀ ਹੈ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਇਨ੍ਹਾਂ ਬੂਥਾਂ 'ਤੇ ਈ.ਵੀ.ਐਮਜ਼ ਨੂੰ ਤੋੜਿਆ ਗਿਆ ਸੀ ਅਤੇ ਗੈਰ-ਕਾਨੂੰਨੀ ਢੰਗ ਨਾਲ ਵੋਟਿੰਗ ਵੀ ਕੀਤੀ ਗਈ ਸੀ। ਇਸ ਤੋਂ ਇਲਾਵਾ ਮਨੀਪੁਰ ਕਾਂਗਰਸ ਨੇ ਵੀ ਬੂਥ ਕੈਪਚਰਿੰਗ ਅਤੇ ਜ਼ਬਰਦਸਤੀ ਵੋਟਿੰਗ ਦੀ ਸ਼ਿਕਾਇਤ ਕੀਤੀ ਸੀ ਅਤੇ ਦੁਬਾਰਾ ਵੋਟਿੰਗ ਦੀ ਮੰਗ ਕੀਤੀ ਸੀ।