ਰਾਏਪੁਰ, 29 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਛੱਤੀਸਗੜ੍ਹ ਦੇ ਬਮੇਤਰਾ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ 5 ਔਰਤਾਂ ਅਤੇ 3 ਬੱਚੇ ਸ਼ਾਮਲ ਹਨ। ਸੜਕ ਹਾਦਸੇ 'ਚ 23 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ 'ਚੋਂ 4 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਰਾਏਪੁਰ ਏਮਜ਼ ਲਈ ਰੈਫਰ ਕਰ ਦਿੱਤਾ ਗਿਆ ਹੈ। ਬਾਕੀ ਜ਼ਖ਼ਮੀਆਂ ਦਾ ਜ਼ਿਲ੍ਹਾ ਹਸਪਤਾਲ ਬਮੇਤਰਾ ਅਤੇ ਸਿਮਗਾ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਇਲਾਜ ਚੱਲ ਰਿਹਾ ਹੈ।
ਇਹ ਹਾਦਸਾ ਬਮੇਤਰਾ ਥਾਣਾ ਖੇਤਰ ਦੇ ਪਿੰਡ ਕਠੀਆ ਪੈਟਰੋਲ ਪੰਪ ਨੇੜੇ ਹੋਇਆ। ਇੱਕ ਮਾਜ਼ਦਾ ਕਾਰ ਸੜਕ ਦੇ ਕਿਨਾਰੇ ਖੜ੍ਹੀ ਸੀ, ਜਿਸ ਨੂੰ ਲੋਕਾਂ ਨਾਲ ਭਰੀ ਬੋਲੈਰੋ ਪਿਕਅੱਪ ਨੇ ਟੱਕਰ ਮਾਰ ਦਿੱਤੀ। ਇਹ ਸਾਰੇ ਲੋਕ ਇੱਕ ਪਰਿਵਾਰਕ ਸਮਾਗਮ ਵਿੱਚ ਸ਼ਾਮਲ ਹੋ ਕੇ ਪਿੰਡ ਤਿਰਾਈ ਤੋਂ ਆਪਣੇ ਪਿੰਡ ਪਥਰਾੜਾ ਪਰਤ ਰਹੇ ਸਨ।ਸੂਚਨਾ ਮਿਲਣ ‘ਤੇ ਕਲੈਕਟਰ, ਐੱਸਪੀ ਅਤੇ ਐੱਸਡੀਐੱਮ ਪ੍ਰਸ਼ਾਸਨ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ।