ਸ਼੍ਰੀਨਗਰ, 26 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਜੰਮੂ-ਕਸ਼ਮੀਰ ਦੇ ਸੋਪੋਰ ਦੇ ਨੌਪੋਰਾ 'ਚ ਵੀਰਵਾਰ ਸ਼ਾਮ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਦੋ ਅੱਤਵਾਦੀ ਮਾਰੇ ਗਏ। ਇਸ 'ਚ ਦੋ ਜਵਾਨ ਵੀ ਜ਼ਖਮੀ ਹੋ ਗਏ। ਮੁਕਾਬਲੇ ਦੌਰਾਨ ਇੱਕ ਨਾਗਰਿਕ ਦੇ ਮੋਢੇ ਵਿੱਚ ਵੀ ਗੋਲੀ ਲੱਗੀ ਹੈ। ਉਸ ਨੂੰ ਇਲਾਜ ਲਈ ਸੋਪੋਰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ, ਜਿੱਥੋਂ ਉਸ ਨੂੰ ਬਿਹਤਰ ਇਲਾਜ ਲਈ ਸ੍ਰੀਨਗਰ ਰੈਫਰ ਕਰ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੂੰ ਨੌਪੋਰਾ 'ਚ ਇਕ ਘਰ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਵਿੱਚ ਲਸ਼ਕਰ ਕਮਾਂਡਰ ਦੇ ਫਸੇ ਹੋਣ ਦੀ ਸੰਭਾਵਨਾ ਹੈ। ਮੁਕਾਬਲਾ ਅਜੇ ਵੀ ਜਾਰੀ ਹੈ।