ਜੈਸਲਮੇਰ, 25 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਭਾਰਤੀ ਹਵਾਈ ਸੈਨਾ ਦਾ ਇੱਕ ਜਾਸੂਸੀ ਜਹਾਜ਼ ਜੈਸਲਮੇਰ ਤੋਂ 30 ਕਿਲੋਮੀਟਰ ਦੂਰ ਕਰੈਸ਼ ਹੋ ਗਿਆ। ਇਹ ਹਾਦਸਾ ਅੱਜ ਵੀਰਵਾਰ ਸਵੇਰੇ ਕਰੀਬ 10 ਵਜੇ ਪਿੰਡ ਪਥਲਾ-ਜਜ਼ੀਆ ਨੇੜੇ ਰੋਜ਼ਾਣੀਆਂ ਕੀ ਢਾਣੀ ਕੋਲ ਵਾਪਰਿਆ। ਹਾਲਾਂਕਿ ਹਾਦਸੇ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਹਵਾਈ ਸੈਨਾ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਫਾਇਰ ਬ੍ਰਿਗੇਡ ਵੀ ਮੌਕੇ 'ਤੇ ਪਹੁੰਚ ਗਈ। ਹਵਾਈ ਸੈਨਾ ਦੇ ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਇਕ ਯੂਏਵੀ ਜਹਾਜ਼ ਹੈ ਜੋ ਮਾਨਵ ਰਹਿਤ ਹੈ ਅਤੇ ਸਰਹੱਦੀ ਖੇਤਰ 'ਤੇ ਹੋ ਰਹੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਵਰਤਿਆ ਜਾਂਦਾ ਹੈ। ਇਹ ਸਰਹੱਦੀ ਖੇਤਰ 'ਤੇ ਲਗਾਤਾਰ ਘੁੰਮਦਾ ਅਤੇ ਨਿਗਰਾਨੀ ਰੱਖਦਾ ਹੈ। ਇਸ ਤੋਂ ਪਹਿਲਾਂ ਵੀ ਇਹ ਕਰਾਫਟ ਤਕਨੀਕੀ ਖ਼ਰਾਬੀ ਕਾਰਨ ਕਰੈਸ਼ ਹੋ ਚੁੱਕੇ ਹਨ।
UAV ਜਾਸੂਸੀ ਜਹਾਜ਼ ਇੱਕ ਫੌਜੀ ਜਹਾਜ਼ ਹੈ। ਇਸਦੀ ਵਰਤੋਂ ਇਮੇਜਰੀ ਇੰਟੈਲੀਜੈਂਸ, ਸਿਗਨਲ ਇੰਟੈਲੀਜੈਂਸ, ਅਤੇ ਨਾਲ ਹੀ ਹੋਰ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਕੀਤੀ ਜਾਂਦੀ ਹੈ।